ਅਕਾਲੀ ਦਲ ਦੀ ਸਿਆਸੀ ਤਰੇੜ ਅਜੇ ਵੀ ਬਰਕਰਾਰ
ਰਵੇਲ ਸਿੰਘ ਭਿੰਡਰ
ਘੱਗਾ, 12 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਤਰੇੜ ਅਜੇ ਵੀ ਬਰਕਰਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਦੀ ਖੁਸ਼ੀ ’ਚ ਪਿੰਡ ਬਾਦਲ ਵਿਖੇ ਆਖੰਡ ਪਾਠ ਸਾਹਿਬ ਦੇ ਅੱਜ ਭੋਗ ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਧਿਰ ਨਾਲ ਜੁੜੇ ਆਗੂਆਂ ਨੂੰ ਸੱਦਾ ਨਹੀਂ ਮਿਲਿਆ। ਭਾਵੇਂ ਇਸ ਸਮਾਗਮ ’ਚ ਬਾਦਲ ਪਰਿਵਾਰ ਵੱਲੋਂ ਪਾਰਟੀ ਦੇ ਹਰ ਜ਼ਿਲ੍ਹੇ ਦੇ ਕੇਡਰ ਦੇ ਆਪਣੇ ਕਰੀਬੀ ਆਗੂਆਂ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ, ਵੱਡੀ ਗਿਣਤੀ ਪਾਰਟੀ ਦੀ ਲੀਡਰਸ਼ਿਪ ਨੇ ਜੋਸ਼ੋ ਖਰੋਸ਼ ਨਾਲ ਇਸ ਸਮਾਗਮ ’ਚ ਸ਼ਮੂਲੀਅਤ ਵੀ ਕੀਤੀ ਪਰ ਸੁਧਾਰ ਧਿਰ ਜਾਂ ਬਾਗੀ ਧਿਰ ਨਾਲ ਜੁੜੇ ਆਗੂ ਇਸ ਸਮਾਗਮ ਦਾ ਹਿੱਸਾ ਨਹੀਂ ਬਣੇ। ਪੰਜਾਬ ਦੀ ਅਕਾਲੀ ਸਿਆਸਤ ’ਚ ਅੱਜ ਦੀ ਇਸ ਸਮਾਜਿਕ ਦਾਇਰੇ ਦੀ ਘਟਨਾ ਨੂੰ ਸਿਆਸੀ ਤੌਰ ’ਤੇ ਆਂਕ ਕੇ ਵੱਡੇ ਮਾਅਨਿਆਂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਬਾਦਲ ਪਰਿਵਾਰ ਵੱਲੋਂ ਪਾਰਟੀ ’ਚ ਲੰਬੇ ਸਮੇਂ ਤੋਂ ਵਿਚਰ ਰਹੇ ਵੱਡੇ ਸਿਆਸੀ ਅਕਾਲੀ ਪਰਿਵਾਰਾਂ ਨੂੰ ਵੀ ਆਪਣੇ ਵਿਆਹ ਸਮਾਗਮ ’ਚ ਬੁਲਾਉਣਾ ਮੁਨਾਸਿਬ ਨਹੀਂ ਸਮਝਿਆ ਗਿਆ, ਅਜਿਹੇ ਪਰਿਵਾਰਾਂ ’ਚ ਟੌਹੜਾ ਪਰਿਵਾਰ, ਚੰਦੂਮਾਜਰਾ, ਵਡਾਲਾ ਤੇ ਰੱਖੜਾ ਪਰਿਵਾਰ ਸ਼ਾਮਲ ਹਨ। ਭਾਵੇਂ ਕਿ ਵਿਆਹ ਸਮਾਗਮ ਦੇ ਹਾਲੇ ਕਈ ਪੜਾਵਾਂ ਆਧਾਰਿਤ ਬਾਕੀ ਪ੍ਰੋਗਰਾਮ ਵੀ ਹੋਣੇ ਹਨ, ਜਿਹਨਾਂ ’ਚੋਂ ਇੱਕ 17 ਜਨਵਰੀ ਨੂੰ ਚੰਡੀਗੜ ’ਚ ਵੀ ਤੈਅ ਹੈ ਪਰ ਅੱਜ ਜਦੋਂ ਪੰਜਾਬ ਦੀ ਬਾਕੀ ਨੇੜਲੀ ਅਕਾਲੀ ਲੀਡਰਸ਼ਿਪ ਨੂੰ ਵਿਆਹ ਦੇ ਮੁੱਢਲੇ ਤੇ ਅਹਿਮ ਸਮਾਗਮ ’ਚ ਸੱਦਿਆ ਗਿਆ ਹੋਵੇ ਤੇ ਉਸ ਸਮਾਗਮ ’ਚੋਂ ਸੁਧਾਰ ਧਿਰ ਨੂੰ ਨਿਖੇੜ ਲਿਆ ਗਿਆ ਹੋਵੇ ਤਾਂ ਆਪਣੇ ਆਪ ’ਚ ਪੰਜਾਬ ਦੀ ਸਿਆਸਤ ’ਚ ਵੱਡੀ ਗੱਲ ਹੈ। ਭਾਵੇਂ ਪਿਛਲੇ ਸਮੇਂ ਅਕਾਲੀ ਦਲ ਦੇ ਏਕੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵੀ ਇੱਕ ਵੱਡਾ ਫ਼ੈਸਲਾ ਆਇਆ ਪ੍ਰੰਤੂ ਅੱਜ ਦੇ ਸਮਾਗਮ ਨੇ ਅਕਾਲੀ ਦਲ ’ਚ ਖਿੱਚੀ ਗਈ ਸਿਆਸੀ ਲਕੀਰ ਨੂੰ ਜਿਵੇਂ ਹੋਰ ਮੋਕਲਾ ਕਰ ਦਿੱਤਾ ਹੈ। ਇਸ ਚਰਚਾ ਸਬੰਧੀ ਫੋਨ ’ਤੇ ਹੋਈ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਧਿਰ ਨਾਲ ਜੁੜੇ ਸੀਨੀਅਰ ਆਗੂ ਤੇ ਸਾਬਕਾ ਬੁਲਾਰੇ ਰਣਧੀਰ ਸਿੰਘ ਰੱਖੜਾ ਨੇ ਸਪੱਸ਼ਟ ਮੰਨਿਆ ਕਿ ਬਾਦਲ ਪਰਿਵਾਰ ਵੱਲੋਂ ਅੱਜ ਦੇ ਵਿਆਹ ਸਮਾਗਮ ’ਚ ਸੁਧਾਰ ਧਿਰ ਨਾਲ ਜੁੜੀ ਕਰੀਬ ਸਾਰੀ ਲੀਡਰਸ਼ਿਪ ਨੂੰ ਨਹੀਂ ਬੁਲਾਇਆ ਗਿਆ ਸੀ, ਅਜਿਹੇ ’ਚ ਬਿਨਾਂ ਬੁਲਾਏ ਜਾਣਾ ਠੀਕ ਨਹੀਂ ਹੁੰਦਾ।