ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ‘ਪੰਥ ਬਚਾਓ, ਪੰਜਾਬ ਬਚਾਓ’ ਮੁਹਿੰਮ ਸ਼ੁਰੂ
ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ‘ਪੰਥ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਇੱਥੇ ਸੁਖਵਿੰਦਰ ਸਿੰਘ ਝਨੇੜੀ ਦੀ ਅਗਵਾਈ ਹੇਠ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਸਾਰੇ ਧੜਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਜ਼ਾ ਵਿੱਚ ਰਹਿੰਦਿਆਂ ਜਾਗਰੂਕ ਮੁਹਿੰਮ ਤੇਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਮਾਰੂ ਰੁਝਾਨ ਵਿਚੋਂ ਨੌਜਵਾਨ ਪੀੜ੍ਹੀ ਨੂੰ ਕੱਢਣ ਲਈ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਰਾਂ ਵੱਲੋਂ ਵਹੀਰ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਪੰਜਾਬ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਜਾਗਰੂਕਤਾ ਮੁਹਿੰਮ ਤੋਂ ਘਬਰਾਹਟ ਵਿਚ ਆ ਕੇ ਮੌਕੇ ਦੀਆਂ ਸਰਕਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀ ਜਨਤਾ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੈਠਿਆਂ ਹੀ ਰਿਕਾਰਡ ਤੋੜ ਵੋਟਾਂ ਪਾ ਕੇ ਸੰਸਦ ਮੈਂਬਰ ਬਣਾ ਦਿੱਤਾ ਪਰ ਸਰਕਾਰਾਂ ਨੇ ਫਿਰ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਸਾਰੇ ਧੜਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਜ਼ਾ ਵਿੱਚ ਰਹਿੰਦਿਆਂ ਜਾਗਰੂਕ ਮੁਹਿੰਮ ਤੇਜ਼ ਕਰਨ ਦੀ ਜ਼ਰੂਰਤ ਹੈ।
ਇਸ ਮੌਕੇ ਹਰਵਿੰਦਰ ਸਿੰਘ ਗੱਗੀ ਝਨੇੜੀ, ਗਿਆਨ ਸਿੰਘ ਭਵਾਨੀਗੜ੍ਹ, ਨੀਟੂ ਸਿੰਘ ਸੰਗਤਪੁਰਾ, ਸੰਦੀਪ ਸਿੰਘ ਭੱਟੀਵਾਲ ਕਲਾਂ, ਜਸਪ੍ਰੀਤ ਸਿੰਘ ਜੱਸੂ, ਚਮਕੌਰ ਸਿੰਘ ਕਾਕੜਾ, ਗੁਰਦੀਪ ਸਿੰਘ ਕਾਲਾਝਾੜ, ਬੀਬੀ ਕਿਰਨਜੀਤ ਕੌਰ, ਜੱਗੀ ਘਰਾਚੋਂ, ਜੱਗੀ ਝਨੇੜੀ ਅਤੇ ਗੁਰਵਿੰਦਰ ਸਿੰਘ ਝਨੇੜੀ ਆਦਿ ਬਲਾਕ ਕਮੇਟੀ ਮੈਂਬਰ ਬਣਾਏ ਗਏ। ਮੀਟਿੰਗ ਨੂੰ ਜ਼ਿਲ੍ਹਾ ਅਬਜ਼ਰਵਰ ਬਲਜਿੰਦਰ ਸਿੰਘ ਲਸੋਈ, ਸਰਪੰਚ ਬਲਜੀਤ ਸਿੰਘ ਤਰੰਜੀਖੇੜਾ, ਅਵਤਾਰ ਸਿੰਘ ਸੇਰੋਂ, ਵਰਮਾ ਸਿੰਘ ਖ਼ਾਲਸਾ, ਬਾਜ ਸਿੰਘ ਰੱਤਾਖੇੜਾ ਤੇ ਸੁਰਿੰਦਰ ਸਿੰਘ ਡਰੌਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।