ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੈਸ ਸਿਲੰਡਰ ’ਚੋਂ ਹਵਾ ਨਿਕਲਣ ਦਾ ਮਾਮਲਾ: ਕਿਸਾਨ ਜਥੇਬੰਦੀ ਵੱਲੋਂ ਗੈਸ ਏਜੰਸੀ ਅੱਗੇ ਧਰਨਾ

ਮਾਮਲੇ ਦੀ ਜਾਂਚ ਮੰਗੀ; ਏਜੰਸੀ ਮਾਲਕ ਖ਼ਿਲਾਫ਼ ਪੁਲੀਸ ਨੂੰ ਦਰਖ਼ਾਸਤ
ਇੰਡੇਨ ਗੈਸ ਏਜੰਸੀ ਅੱਗੇ ਧਰਨਾ ਦਿੰਦੇ ਹੋਏ ਕਿਸਾਨ ਜਥੇਬੰਦੀ ਦੇ ਕਾਰਕੁਨ।
Advertisement

ਮੁਕੰਦ ਸਿੰਘ ਚੀਮਾ

ਸੰਦੌੜ, 20 ਫਰਵਰੀ

Advertisement

ਪਿੰਡ ਰਾਮਨਗਰ ਛੰਨਾ ਦੇ ਇਕ ਵਿਅਕਤੀ ਨੂੰ ਇੰਡੇਨ ਗੈਸ ਏਜੰਸੀ ਤੋਂ ਰੀ-ਫਿਲ ਕਰਵਾਏ ਸਿਲੰਡਰ ’ਚ ਗੈਸ ਦੀ ਥਾਂ ਹਵਾ ਹੋਣ ਕਾਰਨ ਪੈਦਾ ਹੋਇਆ ਵਿਵਾਦ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵਲੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਾਮਨਗਰ ਛੰਨਾ, ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਗੈਸ ਏਜੰਸੀ ਸੰਦੌੜ ਅੱਗੇ ਧਰਨਾ ਲਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਰਮਜੀਤ ਸਿੰਘ ਛੰਨਾ ਨੇ ਬੀਤੇਂ ਦਿਨੀਂ ਸੰਦੌੜ ਏਜੰਸੀ ਤੋਂ ਗੈਸ ਸਿਲੰਡਰ 850 ਰੁਪਏ ਵਿਚ ਲਿਆ ਸੀ ਅਤੇ ਜਦੋਂ ਉਕਤ ਸਿਲੰਡਰ ਨੂੰ ਚੁੱਲ੍ਹੇ ’ਤੇ ਲਗਾਇਆ ਤਾਂ ਉਸ ਵਿਚੋਂ ਗੈਸ ਦੀ ਥਾਂ ਸਿਰਫ਼ ਹਵਾ ਹੀ ਭਰੀ ਹੋਈ ਸੀ। ਉਸ ਨੇ ਚੁੱਲ੍ਹਾ ਠੀਕ ਕਰਨ ਵਾਲੇ ਮਕੈਨਿਕ ਨੂੰ ਗੈਸ ਸਿਲੰਡਰ ਦਿਖਾਇਆ ਤਾਂ ਸਿਲੰਡਰ ਵਿਚ ਗੈਸ ਦੀ ਬਜਾਏ ਹਵਾ ਭਰੀ ਹੋਈ ਸੀ। ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵਲੋਂ 824 ਰੁਪਏ ਦੀ ਕੀਮਤ ਵਾਲਾ ਗੈਸ ਸਿਲੰਡਰ 850 ਰੁਪਏ ਵਿਚ ਵੇਚ ਕੇ ਲੋਕਾਂ ਦੀ ਕਥਿਤ ਤੌਰ ’ਤੇ ਲੁੱਟ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਕਰਮਜੀਤ ਸਿੰਘ ਨੇ ਉਕਤ ਗੈਸ ਏਜੰਸੀ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਸਗੋਂ ਏਜੰਸੀ ਵਾਲੇ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਏ। ਕਿਸਾਨ ਆਗੂਆਂ ਨੇ ਕਿਹਾ ਕਿ ਏਜੰਸੀ ਵਲੋਂ ਗੁਰਦੁਆਰਾ ਸਾਹਿਬ ਨੂੰ ਦਿੱਤੇ ਗਏ ਸਿਲੰਡਰ ਵਿਚੋਂ 2 ਕਿਲੋ ਗੈਸ ਘੱਟ ਨਿਕਲੀ ਹੈ। ਕਿਸਾਨ ਆਗੂਆਂ ਨੇ ਥਾਣਾ ਸੰਦੌੜ ਵਿੱਚ ਐੱਸਐੱਚਓ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਗੈਸ ਏਜੰਸੀ ਦੇ ਮਾਲਕ ਖਿਲਾਫ ਲਿਖਤੀ ਦਰਖਾਸਤ ਦਿੰਦੇ ਹੋਏ ਮਾਮਲੇ ਦੀ ਜਾਂਚ ਮੰਗ ਹੈ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਸੁਖਦੇਵ ਸਿੰਘ ਘਰਾਚੋਂ, ਪਰਮਿੰਦਰ ਸਿੰਘ ਦੁੱਗਾਂ, ਗੁਰਦੇਵ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਗੰਡੇਵਾਲ, ਪੂਰਨ ਸਿੰਘ, ਗੁਰਮੁੱਖ ਸਿੰਘ ਮੀਤ ਪ੍ਰਧਾਨ, ਸੁਖਜੀਤ ਸਿੰਘ ਗੋਬਿੰਦਪੁਰਾ, ਮੱਖਣ ਸਿੰਘ, ਜੀਤਾ ਬਾਜਵਾ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।

ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਯੂਨੀਅਨ ਦੇ ਕੁੱਝ ਆਗੂਆਂ ਵਲੋਂ ਥਾਣਾ ਸੰਦੌੜ ਵਿੱਚ ਏਜੰਸੀ ਮਾਲਕ ਗੁਰਪਾਲ ਸਿੰਘ ਧੂਰੀ ਦੇ ਖਿਲਾਫ ਦਰਖਾਸਤ ਦਿੱਤੀ ਗਈ ਹੈ ਅਤੇ ਪੁਲੀਸ ਵਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਏਜੰਸੀ ਮਾਲਕ ਨੇ ਦੋਸ਼ ਨਕਾਰੇ

ਏਜੰਸੀ ਮਾਲਕ ਗੁਰਪਾਲ ਸਿੰਘ ਧੂਰੀ ਨੇ ਕਿਹਾ ਕਿ ਕਰਮਜੀਤ ਸਿੰਘ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਦੋਸ਼ ਝੂਠੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਖਾਲੀ ਸਿਲੰਡਰ ’ਚ ਕਦੇ ਵੀ ਹਵਾ ਭਰੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਆੜ ’ਚ ਕੁੱਝ ਲੋਕ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਮਾਮਲੇ ਨੂੰ ਖਤਮ ਕਰਨ ਲਈ 50 ਹਜ਼ਾਰ ਰੁਪਏ ਦੀ ਮੰਗ ਰਹੇ ਹਨ। ਏਜੰਸੀ ਮਾਲਕ ਨੇ ਦੱਸਿਆ ਫੈਡਰੇਸ਼ਨ ਆਫ ਐਲ.ਪੀ.ਜੀ ਡ੍ਰਿਸਟੀਬਿਊਟਰ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅਤੇ ਐੱਸਐੱਸਪੀ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਹੈ।

Advertisement