ਮਾਰਕਫੈੱਡ ਦੀ ਕਾਰਗੁਜ਼ਾਰੀ ਤੋਂ ਆੜ੍ਹਤੀਏ ਪ੍ਰੇਸ਼ਾਨ
ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੇ ਖ਼ਰੀਦ ਕੇਂਦਰ ਮੂਲੋਵਾਲ ਵਿੱਚ ਖਰੀਦ ਏਜੰਸੀ ਤੋਂ ਦੁਖੀ ਆੜ੍ਹਤੀਆਂ ਨੇ ਸਥਾਨਕ ਅਧਿਕਾਰੀਆਂ ਦੇ ਕਥਿਤ ਗੈਰ-ਜ਼ਿੰਮੇਵਾਰਾਨਾ ਰਵੱਈਏ ਅਤੇ ਕਮਜ਼ੋਰ ਕਾਰਗੁਜ਼ਾਰੀ ਵਿਰੁੱਧ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੰਗਰੂਰ ਨੂੰ ਪੱਤਰ ਲਿਖਿਆ ਹੈ। ਖਰੀਦ ਕੇਂਦਰ ਮੂਲੋਵਾਲ ਵਿੱਚ ਸੁਖਪਾਲ ਟਰੇਡਿੰਗ ਕੰਪਨੀ ਦੇ ਮਾਲਕ ਸੁਖਪਾਲ ਗਰਗ ਤੇ ਹੋਰਨਾਂ ਨੇ ਜ਼ਿਲ੍ਹਾ ਮੈਨੇਜਰ ਸੰਗਰੂਰ ਨੂੰ ਲਿਖੇ ਪੱਤਰ ਦੀ ਕਾਪੀ ਜਾਰੀ ਕਰਦਿਆਂ ਦੱਸਿਆ ਕਿ ਇੱਥੇ ਦੋ ਖਰੀਦ ਏਜੰਸੀਆਂ ਪਨਗਰੇਨ ਤੇ ਮਾਰਕਫੈੱਡ ਦੀ ਖਰੀਦ ਹੈ ਜਿਸ ਤਹਿਤ 7 ਆੜ੍ਹਤੀਏ ਪਨਗਰੇਨ ਅਤੇ ਚਾਰ ਮਾਰਕਫੈੱਡ ਦੀ ਖਰੀਦ ਏਜੰਸੀ ਕੋਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫੜ੍ਹ ਵਿੱਚ 23 ਅਕਤੂਬਰ ਤੋਂ ਲੈ ਕੇ ਅੱਜ ਪੰਜ ਦਿਨਾਂ ਬਾਅਦ ਵੀ ਕਿਸੇ ਬੋਰੀ ਦੀ ਲਿਫਟਿੰਗ ਨਹੀਂ ਹੋਈ ਅਤੇ ਬੋਰੀਆਂ ਨੂੰ ਥੱਲੋਂ ਸਿਊਂਕ ਲੱਗਣ ਲੱਗ ਪਈ ਹੈ ਅਤੇ ਲਗਾਤਾਰ ਬੋਰੀਆਂ ਦਾ ਭਾਰ ਘਟ ਰਿਹਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ’ਤੇ ਫੋਨ ਨਾ ਚੁੱਕਣ, ਕੋਈ ਤਸੱਲੀਬਖਸ਼ ਜਵਾਬ ਨਾਲ ਦੇਣ ਅਤੇ ਟਾਲ-ਮਟੋਲ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਉਹ ਮੰਗ ਕਰਦੇ ਹਨ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਨਗਰੇਨ ਏਜੰਸੀ ਦੀ ਖਰੀਦ ਨਾਲ ਜੋੜਿਆ ਜਾਵੇ।
