ਸਿਹਤ ਤੇ ਸਿੱਖਿਆ ਮਗਰੋਂ ਬਿਜਲੀ ਕ੍ਰਾਂਤੀ ਸ਼ੁਰੂ: ਬਲਬੀਰ ਸਿੰਘ
ਪੰਜਾਬ ਸਰਕਾਰ ਵੱਲੋਂ ‘ਰੋਸ਼ਨ ਪੰਜਾਬ’ ਮੁਹਿੰਮ ਤਹਿਤ ਬਿਜਲੀ ਖੇਤਰ ਵਿੱਚ ਵੱਡੇ ਬਦਲਾਅ ਲਿਆਂਦੇ ਜਾ ਰਹੇ ਹਨ ਤਾਂ ਜੋ ਹਰ ਘਰ, ਹਰ ਖੇਤ ਅਤੇ ਹਰ ਉਦਯੋਗ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਲਈ 245 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਕੌਂਸਲਰ ਜਸਬੀਰ ਗਾਂਧੀ ਤੇ ਗੁਰਕਿਰਪਾਲ ਕਸਿਆਣਾ ਆਦਿ ਵੀ ਮੌਜੂਦ ਸਨ। ਉਨ੍ਹਾਂ ਸਨੌਰੀ ਅੱਡੇ ਦੇ 66 ਕੇਵੀ ਗਰਿੱਡ ਦਾ ਉਦਘਾਟਨ ਕਰਨ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਨੇ ਸਿਹਤ ਖੇਤਰ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਹੁਣ ਉਸੇ ਤਰ੍ਹਾਂ ਬਿਜਲੀ ਖੇਤਰ ਵਿੱਚ ‘ਬਿਜਲੀ ਕ੍ਰਾਂਤੀ’ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਡਾ. ਬਲਬੀਰ ਨੇ ਕਿਹਾ ਕਿ 245 ਕਰੋੜ ਦੇ ਇਨ੍ਹਾਂ ਪ੍ਰਾਜੈਕਟਾਂ ਦੇ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾਵੇਗਾ। ਇਸ ਵਿੱਚ ਪੁਰਾਣੀਆਂ ਤੇ ਜ਼ਰਜਰ ਬਿਜਲੀ ਲਾਈਨਾਂ ਦੀ ਮੁਰੰਮਤ, ਨਵੀਆਂ ਲਾਈਨਾਂ ਦੀ ਉਸਾਰੀ, ਉੱਚ ਸਮਰੱਥਾ ਵਾਲੇ ਨਵੇਂ ਟਰਾਂਸਫਾਰਮਰ ਲਗਾਉਣਾ ਸ਼ਾਮਲ ਹੈ। ਇਸ ਨਾਲ ਨਾ ਸਿਰਫ ਪਾਵਰ ਕੱਟ ਖ਼ਤਮ ਹੋਣਗੇ, ਸਗੋਂ ਵੋਲਟੇਜ ਫਲਕਚੂਏਸ਼ਨ ਤੋਂ ਵੀ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਨੂੰ ਆਮ ਜਨਤਾ ਦੀ ਮੁੱਢਲੀ ਲੋੜ ਸਮਝਦੀ ਹੈ ਅਤੇ ਇਸ ਨੂੰ ਸਾਧਾਰਨ ਤੇ ਸਸਤੀ ਦਰਾਂ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਿਹਤ ਮੰਤਰੀ ਦਾ ਕਹਿਣਾ ਸੀ ਕਿ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨਾਲ ਸਿਰਫ ਵਰਤਮਾਨ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਹੋਣਗੀਆਂ, ਸਗੋਂ ਆਗਾਮੀ ਦਹਾਕਿਆਂ ਲਈ ਵੀ ਇੱਕ ਮਜ਼ਬੂਤ ਢਾਂਚਾ ਖੜ੍ਹਾ ਹੋਵੇਗਾ। ਇਸ ਮੌਕੇ ਮੌਜੂਦ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਕੰਮਾਂ ਦੀ ਗਤੀ ਤੇਜ਼ ਰੱਖੀ ਜਾਵੇਗੀ ਤਾਂ ਜੋ ਨਤੀਜੇ ਜਲਦੀ ਸਾਹਮਣੇ ਆ ਸਕਣ।
ਸੰਗਰੂਰ ’ਚ ਬਿਜਲੀ ਸੁਧਾਰਾਂ ’ਤੇ ਖਰਚੇ ਜਾਣਗੇ ਡੇਢ ਸੌ ਕਰੋੜ: ਸਿੰਗਲਾ
Advertisementਸੰਗਰੂਰ (ਗੁਰਦੀਪ ਸਿੰਘ ਲਾਲੀ): ਸੰਗਰੂਰ ਜ਼ਿਲ੍ਹੇ ’ਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ 149 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਜਿਸ ਤਹਿਤ ਫੀਡਰ ਡੀ-ਲੋਡਿੰਗ, ਨਵੇਂ ਟਰਾਂਸਫ਼ਾਰਮਰ, ਨਵੇਂ 66 ਕੇ.ਵੀ. ਸਬ ਸਟੇਸ਼ਨ, ਪਾਵਰ ਟਰਾਂਸਫ਼ਾਰਮਰ ਤੇ 66 ਕੇ.ਵੀ. ਲਾਈਨ ਵਰਕ ਦਾ ਕੰਮ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਅੱਜ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ ਕੰਮਾਂ ਲਈ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ’ਚ ਸੰਗਰੂਰ ਦੇ ਮੰਗਵਾਲ ਗਰਿੱਡ ਦੀ ਸ਼ੁਰੂਆਤ ਮੌਕੇ ਸ਼ਮੂਲੀਅਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਿਸ਼ਨ ਰੋਸ਼ਨ ਪੰਜਾਬ ਤਹਿਤ ਸੂਬੇ ਨੂੰ ਦੇਸ਼ ਦਾ ਪਹਿਲਾ ਪਾਵਰ ਕੱਟ ਰਹਿਤ ਰਾਜ ਬਣਾਉਣ ਲਈ 5 ਹਜ਼ਾਰ ਕਰੋੜ ਰੁਪਏ ਦੇ ਬਿਜਲੀ ਅਪਗਰੇਡੇਸ਼ਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਸੰਗਰੂਰ ਵਿੱਚ 149 ਕਰੋੜ ਰੁਪਏ ਨਾਲ ਫੀਡਰ ਡੀ-ਲੋਡਿੰਗ, ਨਵੇਂ ਟਰਾਂਸਫ਼ਾਰਮਰ, ਨਵੇਂ 66 ਕੇ.ਵੀ. ਸਬ ਸਟੇਸ਼ਨ, ਪਾਵਰ ਟਰਾਂਸਫ਼ਾਰਮਰ ਤੇ 66 ਕੇ.ਵੀ. ਲਾਈਨ ਵਰਕ ਦਾ ਕੰਮ ਕੀਤਾ ਜਾਵੇਗਾ। ਸਿੰਗਲਾ ਨੇ ਦੱਸਿਆ ਕਿ ਅੱਜ 66 ਕੇ.ਵੀ. ਗਰਿੱਡ ਮੰਗਵਾਲ ਵਿੱਚ 11 ਕੇ.ਵੀ. ਨਾਭਾ ਗੇਟ, ਅੰਬੇਡਕਰ ਨਗਰ, ਨਵਾਂ ਮੰਗਵਾਲ ਸ਼ਹਿਰੀ ਫੀਡਰ, ਸੰਗਰੂਰ ਐਗਰੋ ਕੈਟਾਗਰੀ, ਮੰਗਵਾਲ ਏ.ਪੀ. ਅਤੇ ਨਾਈਵਾਲ ਏ.ਪੀ. ਫੀਡਰਾਂ ਦੇ ਪੁਰਾਣੇ 11 ਕੇ.ਵੀ. ਬ੍ਰੇਕਰਾਂ ਨੂੰ ਨਵੇਂ 11 ਕੇ.ਵੀ. ਬ੍ਰੇਕਰਾਂ ਨਾਲ ਬਦਲ ਕੇ ਸੰਗਰੂਰ ਜ਼ਿਲ੍ਹੇ ਵਿੱਚ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਪਿੰਡ ਮੰਗਵਾਲ ਵਿੱਚ 66 ਕੇ ਵੀ ਬਿਜਲੀ ਗਰਿੱਡ ਨੇੜੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ ਇਹ ਧਰਨਾ ਗਰਿੱਡ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਾਉਣ ਪੁੱਜਣ ਵਾਲੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਵਿਰੋਧ ਵਿੱਚ ਦਿੱਤਾ ਗਿਆ ਸੀ ਅਤੇ ਕਿਸਾਨ ਸਵਾਲ ਪੁੱਛਣੇ ਚਾਹੁੰਦੇ ਸਨ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਗਰਿੱਡ ਦੇ ਨਵੀਨੀਕਰਨ ਦੇ ਉਦਘਾਟਨ ਲਈ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੁੱਜਣਾ ਸੀ ਪਰ ਉਹ ਨਹੀਂ ਪੁੱਜੇ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸੋਕ ਕੁਮਾਰ ਸਿੰਗਲਾ ਪੁੱਜੇ ਸਨ। ਯੂਨੀਅਨ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਸਾੜਨ ਉਪਰ ਜੋ ਪਾਬੰਦੀ ਲਗਾਈ ਗਈ ਹੈ, ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਟੇ ਜੁਰਮਾਨੇ ਕੀਤੇ ਜਾ ਰਹੇ ਹਨ ਪਰ ਸਰਕਾਰ ਵਲੋਂ ਪਰਾਲੀ ਦੇ ਪ੍ਰਬੰਧ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੂੰ ਬੋਨਸ ਦਿੱਤਾ ਜਾ ਰਿਹਾ ਹੈ। ਸ੍ਰੀ ਮੰਗਵਾਲ ਨੇ ਦੱਸਿਆ ਕਿ ਇਸ ਮੌਕੇ ਪੁੱਜੇ ਆਗੂਆਂ ਤੇ ਅਧਿਕਾਰੀਆਂ ਕੋਲੋਂ ਸਵਾਲ ਵੀ ਕੀਤੇ ਗਏ ਪਰ ਕੋਈ ਠੋਸ ਜਵਾਬ ਨਹੀਂ ਦੇ ਸਕੇ ਅਤੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਇਸ ਮੌਕੇ ਬਾਰਾ ਸਿੰਘ ਮੰਗਵਾਲ, ਬਲਦੇਵ ਸਿੰਘ, ਗੁਰਦੀਪ ਸਿੰਘ ਕੰਮੋਮਾਜਰਾ, ਨਾਨਕ ਸਿੰਘ ਥਲੇਸਾਂ, ਮੁਖਤਿਆਰ ਸਿੰਘ ਖੁਰਾਣਾ, ਰਾਜਪਾਲ ਸਿੰਘ ਮੰਗਵਾਲ, ਪਰਮਜੀਤ ਕੌਰ ਭਿੰਡਰਾਂ ਆਦਿ ਸ਼ਾਮਲ ਸਨ।