ਲੁੱਟ-ਖੋਹ ਮਾਮਲੇ ਦਾ ਮੁਲਜ਼ਮ ਯੂਪੀ ਤੋਂ ਕਾਬੂ
ਸਿਵਲ ਹਸਪਤਾਲ ਮਾਲੇਰਕੋਟਲਾ ’ਚ ਮੈਡੀਕਲ ਮੁਆਇਨਾ ਕਰਵਾਉਣ ਵੇਲੇ ਅਹਿਮਦਗੜ੍ਹ ਪੁਲੀਸ ਨੂੰ ਚਕਮਾਂ ਦੇ ਕੇ ਫਰਾਰ ਹੋਇਆ ਮੋਟਰਸਾਈਕਲ ਚੋਰੀ ਮਾਮਲੇ ਦਾ ਇੱਕ ਮੁਲਜ਼ਮ ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਵੱਲੋਂ ਯੂਪੀ ਤੋਂ ਕਾਬੂ ਕੀਤਾ ਗਿਆ। ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਕਪਤਾਨ ਪੁਲੀਸ (ਜਾਂਚ) ਸੱਤਪਾਲ ਸ਼ਰਮਾ ਅਤੇ ਉਪ ਕਪਤਾਨ ਪੁਲੀਸ (ਇੰਨ) ਸ਼ਤੀਸ਼ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸਿਮਰਨਜੀਤ ਸਿੰਘ ਇੰਚਾਰਜ ਸੀਆਈਏ ਮਾਹੋਰਾਣਾ ਅਤੇ ਟੀਮ ਨੇ ਮੁਲਜ਼ਮ ਅਬਦੁਲ ਰਹਿਮਾਨ ਵਾਸੀ ਪੱਕਾ ਦਰਵਾਜ਼ਾ ਮਾਲੇਰਕੋਟਲਾ ਨੂੰ ਯੂਪੀ ਤੋਂ ਗ੍ਰਿਫਤਾਰ ਕਰ ਕੇ ਟ੍ਰਾਂਸਜ਼ਿਟ ਰਿਮਾਂਡ ’ਤੇ ਮਾਲੇਰਕੋਟਲਾ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਹਾਸਲ ਕੀਤੇ ਪੁਲੀਸ ਰਿਮਾਂਡ ਦੌਰਾਨ ਅਬਦੁਲ ਰਹਿਮਾਨ ਨੇ ਮੰਨਿਆ ਕਿ 24 ਜੂਨ 2025 ਨੂੰ ਗੈਸ ਸਿਲੰਡਰਾਂ ਦੀ ਡਿਲਵਰੀ ਕਰਨ ਵਾਲੇ ਕੋਲੋਂ ਕਰੀਬ 41000 ਰੁਪਏ ਦੀ ਖੋਹ ਉਸ ਨੇ ਹੀ ਕੀਤੀ ਸੀ। ਜ਼ਿਲ੍ਹਾ ਪੁਲੀਸ ਮੁਖੀ ਅਨੁਸਾਰ ਖੋਹ ਸਬੰਧੀ ਪਹਿਲਾਂ ਹੀ ਥਾਣਾ ਸਿਟੀ-2 ਮਾਲੇਰਕੋਟਲਾ ’ਚ 28 ਜੂਨ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮ ਅਬਦੁਲ ਰਹਿਮਾਨ ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।