‘ਆਪ’ ਵਰਕਰਾਂ ਨੇ ਬਿੱਟੂੁ ਦਾ ਪੁਤਲਾ ਫੂਕਿਆ
ਵਰਨਣਯੋਗ ਹੈ ਕਿ ਹਾਲ ਹੀ ਦੌਰਾਨ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿ ਰਹੇ ਹਨ ਕਿ ਲੁਧਿਆਣਾ ਦੇ ਦੁਰਾਹਾ ਰੇਲਵੇ ਦੇ ਪੈਸੇ ਭਰੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਮਨਜ਼ੂਰੀ ਨਹੀਂ ਦੇ ਰਹੀ ਅਤੇ ਜਦੋਂ ਦੁਰਾਹੇ ਵਾਲੇ ਪੁਲ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ ਉਦੋਂ ਹੀ ਧੂਰੀ ਦੇ ਪੁਲ ਦੀ ਰੁਕੀ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ ਵਿੱਚ ‘ਆਪ’ ਕਾਰਕੁਨਾਂ ਦੀ ਮੀਟਿੰਗ ਮਗਰੋਂ ਹੱਥਾਂ ਵਿੱਚ ਕੇਂਦਰੀ ਮੰਤਰੀ ਖ਼ਿਲਾਫ਼ ਲਿਖੇ ਨਾਅਰਿਆਂ ਦੀਆਂ ਤਖ਼ਤੀਆਂ, ਬੈਨਰ ਤੇ ਝੰਡੇ ਲੈ ਕੇ ਨਾਅਰਿਆਂ ਦੀ ਗੂੰਜ ਹੇਠ ਰਵਾਨਾ ਹੋਏ ਪਾਰਟੀ ਦੇ ਆਗੂ ਵਰਕਰ ਕ੍ਰਾਂਤੀ ਚੌਕ, ਪੁਰਾਣੀ ਅਨਾਜ ਮੰਡੀ, ਲੋਹਾ ਬਾਜ਼ਾਰ, ਮੇਨ ਬਾਜ਼ਾਰ ਹੁੰਦੇ ਹੋਏ ਪੁਰਾਣੀਆਂ ਕਚਿਹਰੀਆਂ ਨੇੜਲੇ ਰੇਲਵੇ ਚੌਕ ਵਿੱਚ ਪੁੱਜ ਕੇ ਕੇਂਦਰੀ ਮੰਤਰੀ ਦੇ ਪੁਤਲੇ ਨੂੰ ਅਗਨ ਭੇਟ ਕੀਤਾ।
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਤਾਜ਼ਾ ਬਿਆਨ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਦੋਗਲੇ ਕਿਰਦਾਰ ਤੋਂ ਨਕਾਬ ਹਟਾ ਦਿੱਤਾ ਅਤੇ ਉਨ੍ਹਾਂ ਦੀ ਸੌੜੀ ਸੋਚ ਸਾਹਮਣੇ ਆ ਗਈ ਹੈ। ਆਗੂਆਂ ਨੇ ਕਿਹਾ ਕਿ ਜੇਕਰ ਧੂਰੀ ਦੇ ਵਿਕਾਸ ਵਿੱਚ ਸ੍ਰੀ ਬਿੱਟੂ ਨੇ ਗੈਰਜ਼ਰੂਰੀ ਦਖਲ-ਅੰਦਾਜ਼ੀ ਕੀਤੀ ਤਾਂ ਜਿੱਥੇ ਧੂਰੀ ਪੁੱਜਣ ’ਤੇ ਵਿਰੋਧ ਕਰਦਿਆਂ ਉਨ੍ਹਾਂ ਨੂੰ ਧੂਰੀ ਦੀ ਹਦੂਦ ’ਚ ਨਹੀਂ ਵੜਨ ਦਿੱਤਾ ਜਾਵੇਗਾ ਉੱਥੇ ਹੀ ਲੋਕ ਸਭਾ ਹਲਕਾ ਲੁਧਿਆਣਾ ਅੰਦਰ ਬਿੱਟੂ ਦੀ ਕੋਠੀ ਦੇ ਘਿਰਾਓ ਦੀ ਵਿਉਂਤਬੰਦੀ ਉਲੀਕੀ ਜਾਵੇਗੀ। ਇਸ ਮੌਕੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਨਰੇਸ਼ ਸਿੰਗਲਾ, ਟਰੱਕ ਯੂਨੀਅਨ ਦੇ ਗਗਨ ਜਵੰਧਾ ਭਸੌੜ, ਯੁੱਧ ਨਸ਼ਿਆਂ ਵਿਰੁੱਧ ਕੋਆਰਡੀਨੇਟਰ ਰਛਪਾਲ ਸਿੰਘ ਭੁੱਲਰਹੇੜੀ, ਆਗੂ ਹਰਪ੍ਰੀਤ ਸਿੰਘ ਗਿੱਲ, ਸਿੱਖਿਆ ਕੋਆਰਡੀਨੇਟਰ ਨਵਜੋਤ ਕੌਰ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਘਨੌਰੀ, ਪੱਪੂ ਜੌਲੀ, ਐਮਸੀ ਪੁਸ਼ਪਿੰਦਰ ਸ਼ਰਮਾ ਅਤੇ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਜੱਗਾ ਭੋਜੋਵਾਲੀ ਹਾਜ਼ਰ ਸਨ।