ਜ਼ਿਲ੍ਹਾ ਪਰਿਸ਼ਦ ਲਈ ਟਿਕਟਾਂ ਨਾ ਮਿਲਣ ’ਤੇ ‘ਆਪ’ ਵਾਲੰਟੀਅਰਾਂ ’ਚ ਰੋਸ
ਜ਼ਿਲ੍ਹਾ ਪਰਿਸ਼ਦ ਜ਼ੋਨ ਉੜਦਨ ਲਈ ਟਿਕਟ ਵੰਡ ਨੂੰ ਲੈ ਕੇ ਨਾਰਾਜ਼ ‘ਆਪ’ ਦੇ ਟਕਸਾਲੀ ਵਰਕਰ ਧਰਮਿੰਦਰ ਬਸੰਤਪੁਰਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ‘ਆਪ’ ਨੇ ਇਥੋਂ ਟਿਕਟ ਇੱਕ ਨਵੇਂ ਚਿਹਰੇ ਨੂੰ ਦਿੱਤੀ ਹੈ। ਧਰਮਿੰਦਰ ਬਸੰਤਪੁਰਾ ਨੇ ਦੋਸ਼ ਲਾਇਆ ਕਿ ਉਹ 2013 ਤੋਂ ਰਾਜਪੁਰਾ ਵਿੱਚ ਪਾਰਟੀ ਦਾ ਦਫ਼ਤਰ ਚਲਾ ਰਹੇ ਹਨ ਅਤੇ ਪਾਰਟੀ ਦੀ ਲਹਿਰ ਬਣਾਉਣ ਵਿੱਚ ਉਨ੍ਹਾਂ ਦਿਨ ਰਾਤ ਇੱਕ ਕੀਤਾ। ਉਨ੍ਹਾਂ ਕਿਹਾ ਕਿ ਹਰ ਚੋਣ ਸਮੇਂ ਉਹ ਦਿੱਲੀ ਤੱਕ ਜਾ ਕੇ ਪ੍ਰਚਾਰ ਕਰਦੇ ਰਹੇ, ਆਪਣੀ ਟੀਮ ਸਮੇਤ ਮਿਹਨਤ ਕੀਤੀ ਪਰ ਪਾਰਟੀ ਨੇ ਉਨ੍ਹਾਂ ਦੇ ਯੋਗਦਾਨ ਮੁੱਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਅਜ਼ਾਦ ਚੋਣ ਲੜਨ ਦਾ ਫ਼ੈਸਲਾ ਪੁਰਾਣੇ ਵਾਲੰਟੀਅਰਾਂ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਬਸੰਤਪੁਰਾ ਅਨੁਸਾਰ, ਹਲਕੇ ਦੇ ਪੁਰਾਣੇ ਵਾਲੰਟੀਅਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਰਟੀ ਨੇ ਕਿਵੇਂ ਮਿਹਨਤੀ ਕਾਰਕੁਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅਸਲੀ ਹੱਕਦਾਰ ਉਮੀਦਵਾਰ ਨੂੰ ਚੁਣਨਗੇ।
