ਕੱਕੜਵਾਲ ਵਿੱਚ ‘ਆਪ’ ਆਗੂ ਦੀ ਗੋਲੀ ਮਾਰ ਕੇ ਹੱਤਿਆ
ਪਿੰਡ ਕੱਕੜਵਾਲ ਵਿੱਚ ਲੰਘੀ ਰਾਤ ਰੰਜਿਸ਼ ਕਾਰਨ ‘ਆਪ’ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪਵਿੱਤਰ ਸਿੰਘ ਸਿੱਧੂ ਵਾਸੀ ਕੱਕੜਵਾਲ ਵਜੋਂ ਹੋਈ ਹੈ ਜਿਸ ਦੇ ਪਿੰਡ ਦੇ ਹੀ ਸਰਬਜੀਤ ਸਿੰਘ ਨੇ ਗੋਲੀ ਮਾਰੀ ਹੈ। ਪਵਿੱਤਰ ਸਿੰਘ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਐੱਸਐੱਚਓ ਕਰਨਵੀਰ ਸਿੰਘ ਸੰਧੂ ਨੇ ਹੱਤਿਆ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਵਿੰਤਰ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਅਤੇ ‘ਆਪ’ ਦਾ ਪੁਰਾਣਾ ਆਗੂ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਨੂੰ ਗੋਲੀ ਲੱਗਣ ਉਪਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨ ’ਤੇ ਪਰਚਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਤਲ ਦੇ ਅਸਲ ਕਾਰਨਾਂ ਦਾ ਪਤਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਹੀ ਪਤਾ ਚੱਲੇਗਾ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਨੇ ਕਿਹਾ ਹੈ ਕਿ ਲੰਘੀਆਂ ਪੰਚਾਇਤੀ ਚੋਣਾਂ ਵਿੱਚ ਸਰਬਜੀਤ ਸਿੰਘ ਦੀ ਪਤਨੀ ਕਿਰਨਜੀਤ ਕੌਰ ਉਸ ਤੋਂ ਹਾਰ ਗਈ ਸੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਮੈਂਬਰ ਪੰਚਾਇਤ ਬਣਨ ਉਪਰੰਤ ਕਿਰਨਜੀਤ ਕੌਰ ਦਾ ਪਤੀ ਸਰਬਜੀਤ ਸਿੰਘ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਣ ਲੱਗ ਗਿਆ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ।
ਇਸ ਸਬੰਧੀ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਪਰ ਲੰਘੀ ਰਾਤ ਸਰਬਜੀਤ ਸਿੰਘ ਨੇ ਉਸ ਦੇ ਪਤੀ ਪਵਿੱਤਰ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੇ ਪਤੀ ਦੀ ਮੌਤ ਹੋ ਗਈ। ਹੱਤਿਆ ਤੋਂ ਬਾਅਦ ਪਿੰਡ ਅੰਦਰ ਸਹਿਮ ਦਾ ਮਾਹੌਲ ਹੈ। ਦੂਜੇ ਪਾਸੇ ਪੁਲੀਸ ਵਲੋਂ ਮੁਲਜ਼ਮ ਨੂੰ ਫੜਨ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਪਵਿੱਤਰ ਸਿੰਘ ਦੇ ਦੋਵੇ ਬੱਚੇ ਵਿਦੇਸ਼ ਪੜ੍ਹਾਈ ਕਰਦੇ ਹਨ।
