ਪੰਜਾਬ ਵਿੱਚ ਹੜ੍ਹਾਂ ਲਈ ‘ਆਪ’ ਸਰਕਾਰ ਜ਼ਿੰਮੇਵਾਰ: ਜਾਂਗੜ
ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਸੰਗਰੂਰ ਦੇ ਆਬਜ਼ਰਵਰ ਜਗਦੀਸ਼ ਚੰਦਰ ਜਾਂਗੜ ਵੱਲੋਂ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਲਾਉਣ ਸਬੰਧੀ ਵਰਕਰਾਂ ਤੋਂ ਰਾਇ ਲੈਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਕਿਸਾਨਾਂ, ਲੋਕਾਂ ਤੇ ਵਪਾਰੀਆਂ ਦਾ ਕਰੀਬ ਵੀਹ ਹਜ਼ਾਰ ਕਰੋੜ ਦਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਦੇ ਬਦਲੇ ਪੰਜਾਬ ਨੂੰ ਕੇਦਰ ਸਰਕਾਰ ਸਿਰਫ 1600 ਕਰੋੜ ਦੀ ਐਲਾਨੀ ਗਰਾਂਟ ਪੰਜਾਬ ਨਾਲ ਪੱਖਪਾਤ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹ ‘ਆਪ’ ਸਰਕਾਰ ਦੀ ਅਣਗਿਹਲੀ ਕਾਰਨ ਆਏ ਹਨ। ਉਨ੍ਹਾਂ ਕਿਹਾ ਪੂਰੇ ਦੇਸ਼ ਅੰਦਰ ਕਾਂਗਰਸ ਦੇ ਕੁੱਝ ਗਲਤ ਰਾਜਨੀਤਿਕ ਫ਼ੈਸਲਿਆਂ ਕਾਰਨ ਕਈ ਸੂਬਿਆਂ ਅੰਦਰ ਕਾਂਗਰਸ ਦੀ ਸਰਕਾਰ ਨਹੀਂ ਬਣ ਸਕੀ ਜਿਸ ਦੇ ਮੱਦੇਨਜ਼ਰ ਪਾਰਟੀ ਹਾਈਕਮਾਨ ਖਾਸ ਕਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਇਹ ਫੈਸਲਾ ਲਿਆ ਹੈ ਭਵਿੱਖ ਵਿੱਚ ਕਾਂਗਰਸ ਪਾਰਟੀ ਨੂੰ ਦੇਸ਼ ਵਿੱਚ ਮੁੜ ਪੈਰਾਂ ਸਿਰ ਕਰਨ ਲਈ ਸਾਰੇ ਸੂਬਿਆਂ ਦੇ ਜ਼ਿਲ੍ਹਿਆਂ ਅੰਦਰ ਵਰਕਰਾਂ ਦੀਆਂ ਭਾਵਨਾਵਾਂ ਜਾਣਿਆ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਾਂਗਰਸ ਪਾਰਟੀ ਕੋਈ ਵੀ ਸਿਆਸੀ ਫੈਸਲਾ ਦਿੱਲੀ ਜਾਂ ਚੰਡੀਗੜ੍ਹ ਤੋਂ ਕਰਨ ਦੀ ਥਾਂ ਜ਼ਿਲ੍ਹਿਆਂ ਤੋਂ ਕਰਿਆ ਕਰੇਗੀ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾ ਦਿੰਦੇ ਹਨ ਇਹ ਫੈਸਲਾ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਸਿਆਸੀ ਗਰਾਫ਼ ਉੱਚਾ ਕਰ ਦੇਵੇਗਾ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਸਿਆਸੀ ਹਮਲੇ ਕੀਤੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਵੱਲੋਂ ਵੀ ਪੰਜਾਬ ਸਰਕਾਰ ਨੂੰ ਕਈ ਸਿਆਸੀ ਮੁੱਦਿਆ ਉੱਪਰ ਘੇਰਿਆ ਗਿਆ। ਇਸ ਮੌਕੇ ਹੰਸ ਰਾਜ ਗੁਪਤਾ, ਤਰਸੇਮ ਤਲਵਾੜ, ਗੁਰਬਖਸ਼ ਸਿੰਘ ਗੁੱਡੂ, ਸੁਭਮ ਸ਼ਰਮਾ, ਹਰਦੀਪ ਸਿੰਘ ਦੌਲਤਪੁਰ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਨਿੱਜੀ ਸਹਾਇਕ ਬੱਗਾ ਧੂਰੀ, ਇੰਦਰਪਾਲ ਸਿੰਘ ਗੋਲਡੀ ਕਹੈਰੂ, ਅੰਮ੍ਰਿਤ ਕਾਂਝਲਾ, ਗੁਰਪਿਆਰ ਸਿੰਘ ਧੂਰਾ, ਮਿੱਠੂ ਲੱਡਾ, ਲਖਮੀਰ ਸਿੰਘ ਬਮਾਲ ਤੇ ਨਿੱਜੀ ਪ੍ਰਤੀਕ ਕੁਮਾਰ ਆਦਿ ਹਾਜ਼ਰ ਸਨ।