‘ਆਪ’ ਸਰਕਾਰ ਨੇ ਪੰਜਾਬ ਨੂੰ ਤਬਾਹ ਕੀਤਾ: ਜਾਂਗੜ
ਕਾਂਗਰਸ ਦੀ ਮਜ਼ਬੂਤੀ ਲਈ ਸੰਗਠਨ ਸਿਰਜਣ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਦੇ ਆਬਜ਼ਰਵਰ ਤੇ ਰਾਜਸਥਾਨ ਦੇ ਸਾਬਕਾ ਮੰਤਰੀ ਜਗਦੀਸ਼ ਚੰਦਰ ਜਾਂਗੜ ਵੱਲੋਂ ਲਹਿਰਾਗਾਗਾ ਤੇ ਮੂਨਕ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਿਵੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਆਬਜ਼ਰਵਰ ਜਗਦੀਸ਼ ਚੰਦਰ ਜਾਂਗੜ ਨੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਵਿੱਚ ਜ਼ਿਲ੍ਹੇ ਦਾ ਪ੍ਰਧਾਨ ਚੁਣਨ ਲਈ ਭਾਰੀ ਉਤਸ਼ਾਹ ਹੈ ਤਾਂ ਜੋ ਆਗਾਮੀ ਚੋਣਾਂ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਦੀ ਸਹਿਮਤੀ ਅਤੇ ਸਲਾਹ ਨਾਲ ਹੀ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਬਣਾਇਆ ਜਾਵੇਗਾ। ਇਸ ਲਈ ਹੀ ਉਹ ਮਜ਼ਬੂਤ ਸੰਗਠਨ ਦੀ ਤਿਆਰੀ ਸਬੰਧੀ ਰਾਇ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਕਾਂਗਰਸੀ ਵਰਕਰਾਂ ਨੇ ਅਹਿਦ ਕੀਤਾ ਹੈ ਕਿ 2027 ਵਿੱਚ ਮੌਜੂਦਾ ‘ਆਪ’ ਸਰਕਾਰ ਨੂੰ ਹਰਾ ਕੇ ਕਾਂਗਰਸ ਦੀ ਸਰਕਾਰ ਲੈ ਕੇ ਆਉਣਗੇ। ਉਨ੍ਹਾਂ ‘ਆਪ’ ਨੂੰ ਘੇਰਦਿਆਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਚਾਰੇ ਪਾਸੇ ਲੁੱਟ-ਖੋਹ ਸ਼ਰੇਆਮ ਹੋ ਰਹੀ ਹੈ। ਹੜ੍ਹਾਂ ਸਬੰਧੀ ਕਿਸੇ ਪਾਸੇ ਕੋਈ ਪੈਸਾ ਨਾ ਖਰਚ ਕੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਮੌਕੇ ਬੀਬੀ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੱਧੂ ਭੱਠਲ ਨੇ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਲਵੇਗੀ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਸੁਰਿੰਦਰਪਾਲ ਸਿਵੀਆ ਨੇ ਇਸ ਸਮੇਂ ਕਿਹਾ ਕਿ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਦੀ ਕੀਤੀ ਹੋਈ ਮਿਹਨਤ ਜ਼ਰੂਰ ਕਾਂਗਰਸ ਪਾਰਟੀ ਵਿੱਚ ਰੰਗ ਲੈ ਕੇ ਆਵੇਗੀ। ਇਸ ਮੌਕੇ ਬੀਬੀ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਬੰਟੀ ਰਾਊ ਠੇਕੇਦਾਰ, ਦੁਰਲੱਭ ਸਿੰਘ ਸਿੱਧੂ, ਸਨਮੀਕ ਸਿੰਘ ਹੈਨਰੀ ਤੇ ਗੁਰੀ ਸੈਣੀ ਆਦਿ ਹਾਜ਼ਰ ਸਨ।
ਮਨੀਸ਼ਾ ਪਵਾਰ ਵੱਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
Advertisementਨਾਭਾ (ਮੋਹਿਤ ਸਿੰਗਲਾ): ਕਾਂਗਰਸ ਵੱਲੋਂ ਪੰਜਾਬ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਤਹਿਤ ਇੱਥੇ ਪਹਿਲਾਂ ਮਹਾਰਾਸ਼ਟਰ ਤੋਂ ਕਾਂਗਰਸ ਆਗੂ ਸੰਜੈ ਦੱਤ ਪਟਿਆਲਾ ਤੋਂ ਰਿਪੋਰਟ ਇਕੱਤਰ ਕਰਕੇ ਗਏ ਅਤੇ ਹੁਣ ਰਾਜਸਥਾਨ ’ਚੋਂ ਸਾਬਕਾ ਵਿਧਾਇਕ ਮਨੀਸ਼ਾ ਪਵਾਰ ਨੇ ਅੱਜ ਨਾਭਾ ਵਿੱਚ ਕਾਂਗਰਸ ਵਰਕਰਾਂ ਨਾਲ ਮਿਲਣੀ ਕੀਤੀ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਪਹਿਲਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਿਵਾਸ ਸਥਾਨ ’ਤੇ ਕੀਤੇ ਜਾਣ ਦਾ ਸੁਨੇਹਾ ਸੀ ਪਰ ਬਾਅਦ ਵਿੱਚ ਮੀਟਿੰਗ ਦਾ ਸਥਾਨ ਬਦਲ ਕੇ ਰੋਟਰੀ ਕਲੱਬ ਕਰ ਦਿੱਤਾ ਗਿਆ ਤਾਂ ਜੋ ਕੋਈ ਵੀ ਵਰਕਰ ਕਿਸੇ ਵੀ ਕਾਰਨ ਤੋਂ ਮੀਟਿੰਗ ’ਚ ਸ਼ਮੂਲੀਅਤ ਕਰਨ ਤੋਂ ਸੰਕੋਚ ਨਾ ਕਰੇ। ਮਨੀਸ਼ਾ ਪਵਾਰ ਪਟਿਆਲਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ ਵਰਕਰਾਂ ਨਾਲ ਬੰਦ ਕਮਰਾ ਮੀਟਿੰਗ ਕਰ ਰਹੇ ਹਨ। ਕੁਝ ਕਾਂਗਰਸ ਵਰਕਰਾਂ ਨੇ ਦੱਸਿਆ ਕਿ ਪਾਰਟੀ ਦਾ ਸਾਰਾ ਸੰਗਠਨ ਸਿਰਫ਼ ਚੋਣ ਉਮੀਦਵਾਰ ਦੇ ਹਵਾਲੇ ਕਰਨ ਦੀ ਰਿਵਾਇਤ ਨੇ ਪਾਰਟੀ ਸੰਗਠਨ ਦਾ ਨੁਕਸਾਨ ਕੀਤਾ ਹੈ। ਮਨੀਸ਼ਾ ਪਵਾਰ ਨੇ ਦੱਸਿਆ ਕਿ ਉਹ ਪਾਰਟੀ ਹਾਈ ਕਮਾਨ ਨੂੰ ਵਰਕਰਾਂ ਵੱਲੋਂ ਮਿਲ ਰਹੇ ਸੁਝਾਵਾਂ ਬਾਰੇ ਰਿਪੋਰਟ ਭੇਜ ਰਹੇ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨੇ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਚਲਾਈ ਸੰਗਠਨ ਨਿਰਮਾਣ ਮੁਹਿੰਮ ਪਾਰਟੀ ਨੂੰ ਜੜਾਂ ਤੋਂ ਮਜ਼ਬੂਤੀ ਦੇਵੇਗੀ।