ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਕੌਂਸਲਰਾਂ ਦਾ ਅਲਟੀਮੇਟਮ ਖ਼ਤਮ

‘ਆਪ’ ਨੇ ਕੌਂਸਲ ਪ੍ਰਧਾਨ ਤੋਂ ਨਾ ਅਸਤੀਫ਼ਾ ਲਿਆ ਤੇ ਨਾ ਕੌਂਸਲਰਾਂ ਨੇ ਪਾਰਟੀ ਛੱਡੀ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਜ਼ਾਦ ਕੌਂਸਲਰ ਸਤਿੰਦਰ ਸੈਣੀ ਤੇ ਹੋਰ।
Advertisement

ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ ਨਗਰ ਕੌਂਸਲ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਸਮੇਤ 9 ਕੌਂਸਲਰਾਂ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਪਾਰਟੀ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ 30 ਸਤੰਬਰ ਤੱਕ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਤੋਂ ਅਸਤੀਫ਼ਾ ਲੈ ਕੇ ਅਹੁਦੇ ਤੋਂ ਲਾਂਭੇ ਨਾ ਕੀਤਾ ਤਾਂ ਉਹ ਅਸਤੀਫ਼ਾ ਦੇ ਕੇ ਪਾਰਟੀ ਛੱਡ ਜਾਣਗੇ। ਭਾਵੇਂ ਅੱਜ 30 ਸਤੰਬਰ ਤੱਕ ਦਾ ਅਲਟੀਮੇਟਮ ਸੀ ਪਰ ਨਾ ਤਾਂ ਪਾਰਟੀ ਵੱਲੋਂ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ 9 ਕੌਂਸਲਰਾਂ ਨੇ ਆਪਣਾ ਕੋਈ ਫੈਸਲਾ ਸੁਣਾਇਆ। ਹੁਣ ਇਨ੍ਹਾਂ ਸੱਤਾਧਾਰੀ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ 3 ਅਕਤੂਬਰ ਨੂੰ ਮੀਡੀਆ ਦੇ ਰੂਬਰੂ ਹੋ ਕੇ ਆਪਣਾ ਪੱਖ ਰੱਖਣਗੇ।

ਬੀਤੀ 23 ਸਤੰਬਰ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਵਿੱਕੀ (ਵਾਰਡ ਨੰਬਰ 23), ਜੂਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ (ਵਾਰਡ ਨੰਬਰ 25), ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਕਾਲਾ, ਵਾਰਡ ਨੰਬਰ 10 ਤੋਂ ਪ੍ਰਦੀਪ ਪੁਰੀ, ਵਾਰਡ ਨੰਬਰ 5 ਤੋਂ ਗੁਰਦੀਪ ਕੌਰ, ਵਾਰਡ ਨੰਬਰ 22 ਤੋਂ ਅਵਤਾਰ ਸਿੰਘ ਤਾਰਾ, ਵਾਰਡ ਨੰਬਰ 26 ਤੋਂ ਪਰਮਿੰਦਰ ਸਿੰਘ ਪਿੰਕੀ, ਵਾਰਡ ਨੰਬਰ 24 ਤੋਂ ਹਰਪ੍ਰੀਤ ਸਿੰਘ ਹੈਪੀ, ਵਾਰਡ ਨੰਬਰ 21 ਤੋਂ ਸਲਮਾ ਦੇਵੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਸੀ ਕਿ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਉਨ੍ਹਾਂ ਦੇ ਵਾਰਡਾਂ ’ਚ ਸਮੱਸਿਆਵਾਂ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ ਜਿੰਨ੍ਹਾਂ ਨੂੰ ਉਹ ਜਵਾਬਦੇਹ ਹਨ। ਸ਼ਹਿਰ ਦੀ ਹਾਲਤ ਵੈਂਟੀਲੇਟਰ ’ਤੇ ਪਏ ਮਰੀਜ਼ ਵਰਗੀ ਹੋ ਗਈ ਹੈ।

Advertisement

ਜ਼ਿਕਰਯੋਗ ਹੈ ਕਿ ‘ਆਪ’ ਦੇ 9 ਕੌਂਸਲਰ ਪਾਰਟੀ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ, ਮੁੱਖ ਮੰਤਰੀ ਦੇ ਓਐੱਸਡੀ ਸੁਖਵੀਰ ਸਿੰਘ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਕੋਲ ਆਪਣਾ ਦੁੱਖ ਦਰਦ ਫਰੋਲ ਚੁੱਕੇ ਸਨ। ਜਦੋਂ ਕਿਤੋਂ ਹੁੰਗਾਰਾ ਨਾ ਮਿਲਿਆ ਤਾਂ ਪਾਰਟੀ ਨੂੰ 30 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਜਾਂ ਤਾਂ ਪ੍ਰਧਾਨ ਤੋਂ ਅਸਤੀਫ਼ਾ ਲੈ ਲਓ ਜਾਂ ਫ਼ਿਰ ਸਾਡੇ ਤੋਂ ਅਸਤੀਫ਼ਾ ਲੈ ਲਓ ਪਰ ਨਾ ਤਾਂ ਪਾਰਟੀ ਨੇ ਅੱਜ ਪ੍ਰਧਾਨ ਤੋਂ ਅਸਤੀਫ਼ਾ ਲਿਆ ਅਤੇ ਨਾ ਹੀ ਇਹ 9 ਕੌਂਸਲਰਾਂ ਨੇ ਆਪਣਾ ਅਸਤੀਫ਼ਾ ਦਿੱਤਾ ਗਿਆ।

ਉਧਰ ਪ੍ਰਧਾਨ ਭੁਪਿੰਦਰ ਸਿੰਘ ਪਹਿਲਾਂ ਹੀ ਸੁਣਵਾਈ ਨਾ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ। ਨਗਰ ਕੌਂਸਲ ਦੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਵਿੱਕੀ ਨੇ ਕਿਹਾ ਕਿ ਭਾਵੇਂ ਅੱਜ 30 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ 2 ਆਜ਼ਾਦ ਹਮਾਇਤੀ ਕੌਂਸਲਰਾਂ ਸਮੇਤ ਉਹ 11 ਕੌਂਸਲਰ ਆਪਸੀ ਮੀਟਿੰਗ ਕਰਨ ਤੋਂ ਬਾਅਦ 3 ਅਕਤੂਬਰ ਨੂੰ ਆਪਣੇ ਫੈਸਲੇ ਬਾਰੇ ਜਾਣੂ ਕਰਵਾਉਣਗੇ।

ਮੇਰੀ ਆਵਾਜ਼ ਦਬਾਉਣਾ ਚਾਹੁੰਦੇ ਨੇ ਕਾਂਗਰਸੀ ਕੌਂਸਲਰ:ਸੈਣੀ

ਨਗਰ ਕੌਂਸਲ ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ’ਚ ਨਾਕਾਮ ਸਾਬਤ ਹੋ ਰਹੇ ਕਾਂਗਰਸ ਪਾਰਟੀ ਦੇ ਕੌਂਸਲਰ ਉਨ੍ਹਾਂ ਵੱਲੋਂ ਲੋਕ ਹਿੱਤ ਵਿੱਚ ਉਠਾਈ ਜਾ ਰਹੀ ਨਿਰਪੱਖ ਆਵਾਜ਼ ਨੂੰ ਸਿਆਸੀ ਰੰਜਿਸ਼ ਤਹਿਤ ਦਬਾਉਣਾ ਚਾਹੁੰਦੇ ਹਨ ਅਤੇ ਲੰਘੇ ਦਿਨ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਵਲੋਂ ਉਨ੍ਹਾਂ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦੋਸ਼ ਸ਼ਹਿਰ ਦੇ ਵਾਰਡ ਨੰਬਰ 28 ਤੋਂ ਆਜ਼ਾਦ ਨਗਰ ਕੌਂਸਲਰ ਸਤਿੰਦਰ ਸੈਣੀ ਵਲੋਂ ਆਪਣੇ ਸਮਰਥਕਾਂ ਸਮੇਤ ਪ੍ਰੈੱਸ ਕਾਨਫਰੰਸ ਦੌਰਾਨ ਲਗਾਏ ਗਏ। ਨਗਰ ਕੌਂਲਸਰ ਸਤਿੰਦਰ ਸੈਣੀ ਨੇ ਕਿਹਾ ਕਿ ਨਗਰ ਕੌਂਸਲਰ ਦੀ ਮੀਟਿੰਗ ਦੌਰਾਨ ਉਨ੍ਹਾਂ ਵਲੋਂ ਸੀਵਰੇਜ਼ ਸਮੱਸਿਆ, ਅਵਾਰਾ ਕੁੱਤਿਆਂ, ਲਾਵਾਰਸ ਪਸ਼ੂਆਂ, ਸੜਕਾਂ ਆਦਿ ਮੁੱਦੇ ਉਠਾਉਂਦਿਆਂ ਸ਼ਹਿਰ ਦੇ ਸਾਰੇ ਵਾਰਡਾਂ ਦੇ ਨਗਰ ਕੌਂਸਲਰਾਂ ਨੂੰ ਸੁਝਾਅ ਦਿੱਤਾ ਸੀ ਕਿ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਅਤੇ ਸ਼ਹਿਰ ਦੀ ਬਿਹਤਰੀ ਲਈ ਸਾਰੇ ਨਗਰ ਕੌਂਸਲਰ ਇੱਕਜੁੱਟ ਹੋ ਜਾਵੋ ਤਾਂ ਜੋ ਸ਼ਹਿਰ ਲਈ ਕੁੱਝ ਕਰ ਸਕੀਏ। ਸਤਿੰਦਰ ਸੈਣੀ ਨੇ ਕਿਹਾ ਕਿ ਵਾਰਡ ਨੰਬਰ 28 ਵਿਚ ਕਾਂਗਰਸ ਪਾਰਟੀ ਦਾ ਉਮੀਦਵਾਰ ਉਨ੍ਹਾਂ ਤੋਂ ਚੋਣ ਹਾਰ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਵਾਰਡ ਵਿਚ ਕਰੀਬ ਦਸ ਹਜ਼ਾਰ ਰੁਪਏ ਖਰਚ ਕਰਕੇ ਕੁੱਝ ਕੰਮ ਕਰਵਾਏ ਸੀ ਪਰ ਚੋਣ ਹਾਰਨ ਵਾਲੇ ਕਾਂਗਰਸੀ ਉਮੀਦਵਾਰ ਵਲੋਂ ਉਸ ਵਲੋਂ ਕਰਵਾਏ ਕੰਮਾਂ ਦੇ ਟੋਏ ਪੁਟਵਾ ਦਿੱਤੇ ਗਏ। ਸੈਣੀ ਅਨੁਸਾਰ ਉਸ ਵਲੋਂ ਈ.ਓ. ਨਗਰ ਕੌਂਸਲ ਕੋਲ ਸ਼ਿਕਾਇਤ ਕੀਤੀ ਗਈ ਜਿਨ੍ਹਾਂ ਵਲੋਂ ਨੋਟਿਸ ਵੀ ਜਾਰੀ ਹੋਇਆ। ਇਸ ਤੋਂ ਇਲਾਵਾ ਕਾਂਗਰਸੀ ਕੌਂਸਲਰ ਉੁਸ ਖ਼ਿਲਾਫ਼ ਦੋਸ਼ ਲਗਾ ਰਹੇ ਸੀ ਕਿ ਉਹ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਮੀਟਿੰਗਾਂ ਕਿਉਂ ਕਰ ਰਹੇ ਹੋ। ਸੈਣੀ ਨੇ ਕਿਹਾ ਕਿ ਉਹ ਕੌਂਸਲਰ ਬਣਨ ਤੋਂ ਪਹਿਲਾਂ ਹੀ ਸਮਾਜ ਸੇਵੀ ਸੰਸਥਾ ਚਲਾ ਰਹੇ ਹਨ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਸਮਾਜ ਸੇਵੀ ਕਾਰਜ ਕਰਦੇ ਰਹਿੰਦੇ ਹਨ ਪਰ ਇਹ ਵੀ ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਰੰਜਿਸ਼ ਤਹਿਤ ਮੀਟਿੰਗ ਦੌਰਾਨ ਉਨ੍ਹਾਂ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਸਤਿੰਦਰ ਸੈਣੀ ਉਪਰ ਹਮਲਾ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਮਾਜ ਸੇਵੀ ਸੰਸਥਾ ਵਲੋਂ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਵੀ ਉਤਾਰ ਸਕਦੇ ਹਨ।

Advertisement
Show comments