ਸੰਗਰੂਰ ਵਿੱਚ ‘ਆਪ’ ਦੇ ਕੌਂਸਲਰਾਂ ਵੱਲੋਂ ਪ੍ਰਧਾਨ ਖ਼ਿਲਾਫ਼ ਬਗਾਵਤ
ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ ਨਗਰ ਕੌਂਸਲ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਸਮੇਤ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 7 ਦਿਨਾਂ ਦੇ ਅੰਦਰ-ਅੰਦਰ ਨਗਰ ਕੌਂਸਲ ਪ੍ਰਧਾਨ ਦਾ ਅਸਤੀਫ਼ਾ ਲੈ ਕੇ ਅਹੁਦੇ ਤੋਂ ਲਾਂਭੇ ਨਾ ਕੀਤਾ ਗਿਆ ਤਾਂ ਉਹ ਅਸਤੀਫ਼ਾ ਦੇ ਕੇ ਪਾਰਟੀ ਛੱਡ ਜਾਣਗੇ। ਇਸ ਦੌਰਾਨ ਕੌਂਸਲਰਾਂ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 30 ਸਤੰਬਰ ਤੱਕ ਨਗਰ ਕੌਂਸਲ ਪ੍ਰਧਾਨ ਤੋਂ ਅਸਤੀਫ਼ਾ ਨਾ ਲਿਆ ਤਾਂ 9 ਕੌਂਸਲਰਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਮਾਇਤ ਦੇਣ ਵਾਲੇ ਦੋ ਆਜ਼ਾਦ ਕੌਂਸਲਰਾਂ ਵਿਜੇ ਲੰਕੇਸ਼ ਅਤੇ ਜਸਵੀਰ ਕੌਰ ਨੇ ਵੀ ਐਲਾਨ ਕੀਤਾ ਕਿ ਜੇਕਰ 9 ਕੌਂਸਲਰਾਂ ਦੀ ਨਾ ਸੁਣੀ ਗਈ ਤਾਂ ਉਹ ਵੀ ‘ਆਪ’ ਤੋਂ ਆਪਣੀ ਹਮਾਇਤ ਵਾਪਸ ਲੈ ਲੈਣਗੇ।
ਸਥਾਨਕ ਸ਼ਿਵਮ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਨਗਰ ਕੌਂਸਲ ਦੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਵਿੱਕੀ (ਵਾਰਡ 23), ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ (ਵਾਰਡ 25), ਵਾਰਡ 2 ਤੋਂ ਜਗਜੀਤ ਸਿੰਘ ਕਾਲਾ, ਵਾਰਡ ਨੰਬਰ 10 ਤੋਂ ਪ੍ਰਦੀਪ ਪੁਰੀ, ਵਾਰਡ ਨੰਬਰ 5 ਤੋਂ ਗੁਰਦੀਪ ਕੌਰ, ਵਾਰਡ ਨੰਬਰ 22 ਤੋਂ ਅਵਤਾਰ ਸਿੰਘ ਤਾਰਾ, ਵਾਰਡ ਨੰਬਰ 26 ਤੋਂ ਪਰਮਿੰਦਰ ਸਿੰਘ ਪਿੰਕੀ, ਵਾਰਡ ਨੰਬਰ 24 ਤੋਂ ਹਰਪ੍ਰੀਤ ਸਿੰਘ ਹੈਪੀ, ਵਾਰਡ ਨੰਬਰ 21 ਤੋਂ ਸਲਮਾ ਦੇਵੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਸ਼ਹਿਰ ਦਾ ਬੁਰਾ ਹਾਲ ਹੈ। ਸੀਵਰੇਜ ਓਵਰਫਲੋਅ ਹੋ ਰਿਹਾ, ਸੜਕਾਂ ਟੁੱਟੀਆਂ ਪਈਆਂ ਹਨ, ਸਫ਼ਾਈ ਦੇ ਪ੍ਰਬੰਧ ਨਹੀਂ। ਸ਼ਹਿਰ ਦੀ ਹਾਲਤ ਵੈਂਟੀਲੇਟਰ ’ਤੇ ਪਏ ਮਰੀਜ਼ ਵਰਗੀ ਹੋ ਗਈ ਹੈ। ਨਗਰ ਕੌਂਸਲ ਬਣੀ ਨੂੰ 4-5 ਮਹੀਨੇ ਬੀਤ ਚੁੱਕੇ ਹਨ ਪਪ ਸ਼ਹਿਰ ਵਿਚ ਇੱਕ ਵੀ ਇੱਟ ਨਹੀਂ ਲੱਗੀ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਪ੍ਰਧਾਨ ਪਾਰਟੀ ਦਾ ਅਕਸ ਖਰਾਬ ਕਰਨ ’ਤੇ ਤੁਲੇ ਹਨ ਅਤੇ ਕੌਂਸਲਰਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਕੌਂਸਲਰਾਂ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਕੌਂਸਲਰ ਦੁਹਾਈ ਦੇ ਰਹੇ ਹਨ ਕਿ ਲੋਕਾਂ ਦੇ ਕੰਮ ਨਹੀਂ ਹੋ ਰਹੇ ਅਤੇ ਸ਼ਹਿਰ ਦੇ ਹਾਲਾਤ ਬੇਹੱਦ ਮਾੜੇ ਹਨ। ਤਿੰਨ ਵਾਰ ਉਹ ਪਾਰਟੀ ਪ੍ਰਧਾਨ ਅਮਨ ਅਰੋੜਾ ਨੂੰ ਮਿਲ ਚੁੱਕੇ ਹਨ ਅਤੇ 2-3 ਮਹੀਨਿਆਂ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਬੇਨਤੀ ਕਰਦੇ ਆ ਰਹੇ ਹਨ ਪਰ ਵਿਧਾਇਕ ਵੀ ਬੇਵੱਸ ਨਜ਼ਰ ਆ ਰਹੀ ਹੈ।
ਮਾਮਲਾ ਮੁੱਖ ਮੰਤਰੀ ਦੇ ਓਐੱਸਡੀ ਸੁਖਵੀਰ ਸਿੰਘ ਦੇ ਧਿਆਨ ’ਚ ਚੁੱਕਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਆਗੂ ਸੰਗਰੂਰ ਸ਼ਹਿਰ ਨੂੰ ਡੋਬਣ ’ਤੇ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 29 ਕੌਂਸਲਰਾਂ ’ਚੋਂ ‘ਆਪ’ ਦੇ 7 ਕੌਂਸਲਰ ਜਿੱਤੇ ਸਨ ਜਦੋਂ ਕਿ ਪ੍ਰਧਾਨਗੀ ਲਈ 16 ਮੈਂਬਰਾਂ ਦੀ ਲੋੜ ਸੀ। ਬਾਅਦ ’ਚ 6 ਆਜ਼ਾਦ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋਣ ਨਾਲ ਗਿਣਤੀ 13 ਹੋ ਗਈ ਸੀ। ਦੋ ਵਿਧਾਇਕ ਅਮਨ ਅਰੋੜਾ ਅਤੇ ਨਰਿੰਦਰ ਕੌਰ ਭਰਾਜ ਦੀਆਂ ਵੋਟਾਂ ਸਣੇ ਕੁੱਲ ਗਿਣਤੀ 15 ਹੋ ਗਈ ਜਦੋਂ ਕਿ 2 ਆਜ਼ਾਦ ਉਮੀਦਵਾਰਾਂ ਨੇ ਸਮਰਥਨ ਦੇ ਦਿੱਤਾ ਸੀ ਜਿਸ ਕਾਰਨ ਪੂਰਨ ਬਹੁਮਤ ਨਾਲ ਨਗਰ ਕੌਂਸਲ ’ਤੇ ‘ਆਪ’ ਕਾਬਜ਼ ਹੋ ਗਈ ਸੀ।
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਨਹਿਲ ਨੇ ਦੋਸ਼ ਨਕਾਰੇ
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸ਼ਹਿਰ ਦੇ ਵਾਰਡਾਂ ਦੇ ਕੰਮ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਇੱਕ ਆਮ ਘਰ ਦਾ ਮੁੰਡਾ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਹੈ ਜੋ ਬਰਦਾਸ਼ਤ ਨਹੀਂ ਹੋ ਰਿਹਾ। ਇਹ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਦੇ ਮਨਸੂਬੇ ਸਫਲ ਨਹੀਂ ਹੋਣਗੇ।