ਭੂਲਣ ਵਾਸੀਆਂ ਦੇ ਸ਼ਮਸ਼ਾਨਘਾਟ ਲਈ ਸ਼ੈੱਡ ਬਣਵਾਇਆ
ਹਲਕਾ ਲਹਿਰਾ ਦੇ ਪਿੰਡ ਭੂਲਣ ਦੇ ਵਾਸੀਆਂ ਨੂੰ ਲੰਬੀ ਉਡੀਕ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਸ਼ੈਡ ਨਸੀਬ ਹੋਇਆ ਹੈ। ਪਹਿਲਾਂ ਸ਼ੈੱਡ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸ਼ੈੱਡ ਦੀ ਉਸਾਰੀ ਸੂਬਾ ਸਰਕਾਰ ਨੇ ਨਹੀਂ ਕਰਵਾਈ ਬਲਕਿ ਇਹ ਮਸਲਾ ਸਾਹਮਣੇ ਆਉਣ ’ਤੇ ਕਾਂਗਰਸੀ ਆਗੂ ਦੁਰਲਭ ਸਿੱਧੂ ਖੁਦ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਤੁਰੰਤ ਸ਼ੈਡ ਉਸਾਰਨ ਦਾ ਭਰੋਸਾ ਦਿੱਤਾ ਅਤੇ ਆਪਣੀ ਟੀਮ ਦੇ ਸਹਿਯੋਗ ਨਾਲ ਪਿਛਲੇ 10-15 ਦਿਨਾਂ ਵਿੱਚ ਹੀ ਕੰਮ ਕਰਵਾਇਆ। ਉਨ੍ਹਾਂ ਅੱਜ ਇੱਕ ਨਵਾਂ ਸ਼ੈਡ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਪਰਿਵਾਰ ਖਰਾਬ ਮੌਸਮ ਵਿਚ ਵੀ ਸਸਕਾਰ ਕਰ ਸਕਣਗੇ ਅਤੇ ਮੌਸਮ ਦੀਆਂ ਮੁਸੀਬਤਾਂ ਤੋਂ ਬਚਣਗੇ। ਦੁਰਲੱਭ ਸਿੱਧੂ ਨੇ ਦੱਸਿਆ ਕਿ ਸਭ ਤੋਂ ਦਰਦਨਾਕ ਘਟਨਾ 28 ਅਗਸਤ ਨੂੰ ਵਾਪਰੀ ਸੀ ਜਦੋਂ ਮੀਂਹ ਕਾਰਨ ਇੱਕ ਪਰਿਵਾਰ ਨੂੰ ਆਪਣੇ ਪਿਆਰੇ ਦੇ ਸਸਕਾਰ ਲਈ 8 ਘੰਟੇ ਤੱਕ ਉਡੀਕ ਕਰਨੀ ਪਈ ਸੀ ਕਿਉਂਕਿ ਤੇਜ਼ ਮੀਂਹ ਕਾਰਨ ਸਸਕਾਰ ਨਾ ਹੋਇਆ ਤੇ ਮਜਬੂਰੀ ਵਿਚ ਪਿੰਡ ਵਾਸੀਆਂ ਨੇ ਚਿਤਾ ਨੂੰ ਪਾਲਥੀਨ ਨਾਲ ਢੱਕ ਕੇ ਰੱਖਿਆ।
ਇਸ ਦੇ ਨਾਲ ਹੀ ਸ੍ਰੀ ਦੁਰਲਭ ਸਿੱਧੂ ਨੇ ਪਿੰਡ ਭੂਲਣ ਵਿੱਚ ਪੀਣ ਵਾਲੇ ਪਾਣੀ ਦੇ ਲੰਬੇ ਸਮੇਂ ਤੋਂ ਲਟਕੇ ਲਈ ਸਮੱਸਿਆ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਉਹ ਛੇ ਮਹੀਨੇ ਪਹਿਲਾਂ ਹੀ ਸਰਕਾਰ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਸੁਵਿਧਾਵਾਂ ਲਈ ਹੋਰ ਉਡੀਕ ਨਾ ਕਰਨੀ ਪਵੇ।