ਲੇਖਕਾਂ ਦਾ ਜਥਾ ਭੁਪਾਲ ਰਵਾਨਾ
ਸੰਗਰੂਰ: ਲਘੂ ਕਥਾ ਖੋਜ ਕੇਂਦਰ ਸੰਮਤੀ ਭੁਪਾਲ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਅਖਿਲ ਭਾਰਤੀ ਲਘੂਕਥਾ ਸੰਮੇਲਨ ਚ ਹਿੱਸਾ ਲੈਣ ਲਈ ਪੰਜਾਬ ਤੋਂ ਮਿੰਨੀ ਕਹਾਣੀ ਲੇਖਕਾਂ ਦਾ ਇੱਕ ਜੱਥਾ ਭੋਪਾਲ ਲਈ ਰਵਾਨਾ ਹੋ ਗਿਆ। ਲਘੂਕਥਾ ਖੋਜ ਕੇਂਦਰ ਭੋਪਾਲ ਵੱਲੋਂ ਕਰਵਾਏ ਜਾ ਰਹੇ ਇਸ ਸਾਲਾਨਾ ਉਤਸਵ ਵਿੱਚ ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀਕਾਰ ਅਤੇ ਹੋਰ ਲੇਖਕ ਹਿੱਸਾ ਲੈਣ ਲਈ ਪੁੱਜ ਰਹੇ ਹਨ। ਮਿੰਨੀ ਕਹਾਣੀ ਲੇਖਕ ਜਗਦੀਸ਼ ਰਾਏ ਕੁਲਰੀਆਂ ਦੀ ਅਗਵਾਈ ਵਿੱਚ ਜਾ ਰਹੀ ਟੀਮ ਦੇ ਮੈਂਬਰਾਂ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਮਹਿੰਦਰ ਪਾਲ ਬਰੇਟਾ, ਪਰਮਜੀਤ ਕੌਰ, ਜਸ਼ਨਪ੍ਰੀਤ ਕੌਰ, ਰਜਿੰਦਰ ਰਾਣੀ, ਕਵਿਤਾ ਰਾਜਬੰਸ, ਸ਼ਿਖਾ ਗਰਗ ਅਤੇ ਬੀਰ ਇੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮਿੰਨੀ ਕਹਾਣੀ ਲੇਖਕ ਇਸ ਅੰਤਰਰਾਸ਼ਟਰੀ ਸਮਾਗਮ ਦੇ ਵਿੱਚ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਵੀ ਕਰਨਗੇ। ਇੱਥੇ ਖਾਸ ਦੱਸਣ ਯੋਗ ਹੈ ਕਿ ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਜਗਦੀਸ਼ ਰਾਏ ਕੁਲਰੀਆਂ ਨੂੰ ਵਿਕਰਮ ਸੋਨੀ ਸਮ੍ਰਿਤੀ ਲਘੂ ਕਥਾ ਕ੍ਰਿਤ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। -ਖੇਤਰੀ ਪ੍ਰਤੀਨਿਧ
ਆਈਏਐੱਸ ਕੋਚਿੰਗ ਲਈ ਅਰਜ਼ੀਆਂ ਮੰਗੀਆਂ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਆਈਏਐੱਸ ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਖੇ ਕੋਚਿੰਗ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਕਲਾਸਾਂ ਆਈਏਐਸ (ਪ੍ਰੀ.) (ਰੈਗੂਲਰ/ਵੀਕਐਂਡ) ਯੂਜੀਸੀ/ਨੈਟ ਅਤੇ ਪੀਸੀਐੱਸ (ਜੂਡੀਸ਼ੀਅਲ) ਦੀ ਤਿਆਰੀ ਲਈ ਹਨ। ਡਾਇਰੈਕਟਰ ਡਾ. ਅਮਰ ਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਆਪਣੀਆਂ ਅਰਜ਼ੀਆਂ ਸਾਦੇ ਪੇਪਰ ਉੱਤੇ 30 ਜੂਨ ਤੱਕ ਭੇਜ ਸਕਦੇ ਹਨ। ਲੋੜਵੰਦ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਦੀ ਸਹੂਲਤ ਉਪਲੱਬਧ ਹੈ। -ਪੱਤਰ ਪ੍ਰੇਰਕ
ਅਣਪਛਾਤੀ ਔਰਤ ਨੂੰ ਹਸਪਤਾਲ ਦਾਖ਼ਲ ਕਰਾਇਆ
ਘਨੌਰ: ਸਿਵਲ ਹਸਪਤਾਲ ਘਨੌਰ ਵਿੱਚ ਇੱਕ ਅਣਪਛਾਤੀ ਮਹਿਲਾ ਮਰੀਜ਼ ਦਾਖ਼ਲ ਹੋਈ ਹੈ। ਐਸਐਮਓ ਘਨੌਰ ਕਿਰਨਜੌਤ ਕੌਰ ਨੇ ਦੱਸਿਆ ਕਿ 16 ਜੂਨ ਨੂੰ ਸਮਾਜ ਸੇਵੀ ਵਿਅਕਤੀ ਇਸ ਔਰਤ ਨੂੰ ਸਰਕਾਰੀ ਹਸਪਤਾਲ ਘਨੌਰ ਵਿੱਚ ਲੈ ਕੇ ਆਏ ਸਨ ਅਤੇ ਇਲਾਜ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਮਹਿਲਾ ਮੰਦਬੁੱਧੀ ਲਗਦੀ ਹੈ ਜੋ ਕਿ ਆਪਣਾ ਨਾਮ ਅਤੇ ਪਤਾ ਵੀ ਨਹੀਂ ਦੱਸ ਪਾ ਰਹੀ। ਹਸਪਤਾਲ ਨੇ ਆਪਣੇ ਤੌਰ ’ਤੇ ਇਲਾਕੇ ਵਿਚ ਉਸ ਮਹਿਲਾ ਦੇ ਵਾਰਸਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ਾਂ ਕੀਤੀ ਪਰ ਉਨ੍ਹਾਂ ਨੂੰ ਮਹਿਲਾ ਦੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਥਾਣਾ ਘਨੌਰ ਦੇ ਮੁਖ ਥਾਣਾ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਔਰਤ ਦੇ ਵਾਰਸਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ। -ਨਿੱਜੀ ਪੱਤਰ ਪ੍ਰੇਰਕ
ਸਫ਼ਾਈ ਨਾ ਹੋਣ ਕਾਰਨ ਹਾਦਸੇ ਦਾ ਖ਼ਦਸ਼ਾ
ਅਮਰਗੜ੍ਹ: ਅਮਰਗੜ੍ਹ ਤੋਂ ਨਾਭਾ ਰੋਡ ’ਤੇ ਪਿੰਡ ਬਾਗੜੀਆਂ ਨੇੜੇ ਮੋੜਾਂ ਦੇ ਕੋਲ ਦਰੱਖਤਾਂ ਦੀਆਂ ਟਾਹਣੀਆਂ ਅਤੇ ਝਾੜੀਆਂ ਸੜਕ ’ਤੇ ਝੁਕੀਆਂ ਹੋਈਆਂ ਹਨ ਜਿਸ ਕਾਰਨ ਸਾਹਮਣੇ ਤੋਂ ਆਉਂਦੇ ਵਾਹਨ ਦਿਖਾਈ ਨਹੀਂ ਦਿੰਦੇ। ਇਸ ਤਰ੍ਹਾਂ ਦੁਪਹੀਆ ਵਾਹਨਾਂ ਵਾਲੀ ਲਾਈਨ ਵਿੱਚ ਝਾੜੀਆਂ ਹੋਣ ਕਾਰਨ ਉਨ੍ਹਾਂ ਨਾਲ ਟਕਰਾ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਾਰਨ ਏਥੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਬੀਤੇ ਸਮੇਂ ਵਿੱਚ ਕਈ ਹਾਦਸੇ ਵਾਪਰੇ ਸਨ। ਪਿਛਲੇ ਸਾਲ ਤੱਕ ਇਹ ਟੌਲ ਵਾਲੀ ਸੜਕ ਸੀ, ਓਦੋਂ ਏਥੇ ਸੜਕਾਂ ਦੇ ਕਿਨਾਰੇ ਸਾਫ਼ ਕੀਤੇ ਜਾਂਦੇ ਸੀ ਪਰ ਜਦੋਂ ਦਾ ਟੌਲ ਖਤਮ ਹੋਇਆ ਹੈ ਓਦੋਂ ਤੋਂ ਝਾੜੀਆਂ ਤੇ ਦਰੱਖਤ ਹਨੇਰੀ ਆਉਣ ’ਤੇ ਸੜਕ ਤੇ ਝੁਕ ਜਾਂਦੇ ਹਨ ਤੇ ਸਫ਼ਾਈ ਨਹੀਂ ਕੀਤੀ ਜਾਂਦੀ। -ਪੱਤਰ ਪ੍ਰ਼ੇਰਕ