ਵੱਖਰੀ ਮਿਸਾਲ: ਹੜ੍ਹ ਪੀੜਤਾਂ ਦੀ ਮਦਦ ਲਈ ਕੰਨਾਂ ਦੀਆਂ ਵਾਲੀਆਂ ਲਾਹ ਕੇ ਦਿੱਤੀਆਂ
ਪਿੰਡ ਮਹਿਲਾਂ ਚੌਕ ਦੀ ਅੰਗਰੇਜ਼ ਕੌਰ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਦਾਨ ਪੈਸੇ ਨਾਲ ਨਹੀਂ ਕੀਤੇ ਜਾਂਦੇ ਬਲਕਿ ਦਾਨ ਦਲੇਰੀ ਨਾਲ ਕੀਤੇ ਜਾਂਦੇ ਹਨ। ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕਠਾ ਕਰਨ ਵਾਲਿਆਂ ਨੂੰ ਆਪਣੇ ਕੰਨਾਂ ਵਿਚ ਪਾਈਆਂ ਸਾਢੇ ਤਿੰਨ ਗਰਾਮ ਦੀਆਂ ਸੋਨੇ ਦੀਆਂ ਵਾਲੀਆਂ ਮੌਕੇ ’ਤੇ ਹੀ ਲਾਹ ਕੇ ਫੜਾ ਦਿੱਤੀਆਂ।
ਅੰਗਰੇਜ਼ ਕੌਰ ਨੇ ਦੱਸਿਆ ਕਿ ਵਿਆਹ ਨੂੰ ਹਾਲੇ ਦੋ ਸਾਲ ਹੀ ਹੋਏ ਸਨ ਕਿ ਪਤੀ ਚਲਾਣਾ ਕਰ ਗਿਆ। ਗੋਦੀ ਬਾਲ ਨੂੰ ਲੈ ਉਹ ਜ਼ਿੰਦਗੀਆਂ ਵਿਚ ਆਉਂਦੀਆਂ ਚੁਣੌਤੀਆਂ ਨਾਲ ਦੋ ਹੱਥ ਹੁੰਦੀ ਆਈ। ਕੇਵਲ ਢਾਈ ਕੁ ਵਿੱਘੇ ਜ਼ਮੀਨ ਦੀ ਮਾਲਕ ਅੰਗਰੇਜ਼ ਕੌਰ ਨੇ ਦੁਧਾਰੂ ਰੱਖੇ, ਡੇਅਰੀ ਵਿਚ ਦੁੱਧ ਪਾ ਪਾ ਪੁੱਤ ਨੂੰ ਪਾਲਿਆ ਵਿਆਹਿਆ।
ਹੜ੍ਹਾਂ ਨਾਲ ਝੰਬੇ ਪੰਜਾਬੀਆਂ ਦੀ ਸਹਾਇਤਾ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਮਹਿਲਾਂ ਵਿਚੋਂ ਸਮੱਗਰੀ ਇਕੱਠੀ ਕੀਤੀ ਜਾ ਰਹੀ ਸੀ। ਹਰਜੀਤ ਸਿੰਘ ਮਹਿਲਾਂ ਚੌਕ ਦੀ ਅਗਵਾਈ ਵਿਚ ਜਦੋਂ ਇਹ ਟੀਮ ਮਰਹੂਮ ਤੀਰਥ ਸਿੰਘ ਦੇ ਘਰ ਪੁੱਜੀ ਤਾਂ ਵਿਧਵਾ ਅੰਗਰੇਜ਼ ਕੌਰ ਨੇ ਬਿਨਾਂ ਕਿਸੇ ਜੱਕੋ-ਤੱਕੇ ਆਪਣੇ ਕੰਨਾਂ ਵਿਚ ਪਾਈਆਂ ਸਾਢੇ ਤਿੰਨ ਗਰਾਮ ਸੋਨੇ ਦੀਆਂ ਬਾਲੀਆਂ ਲਾਹ ਕੇ ਉਗਰਾਹੀ ਕਰਨ ਵਾਲਿਆਂ ਦੀ ਤਲੀ ’ਤੇ ਰੱਖ ਦਿਤੀਆਂ। ਦੱਸਣ ਅਨੁਸਾਰ ਇਨ੍ਹਾਂ ਦੀ ਬਾਜ਼ਾਰੂ ਕੀਮਤ ਕਰੀਬ ਤੀਹ ਹਜ਼ਾਰ ਰੁਪਏ ਬਣਦੀ ਹੈ। ਉਗਰਾਹੀ ਟੀਮ ਵਿਚ ਲੱਗੇ ਅਮਨਦੀਪ ਸਿੰਘ ਸੋਹੀ, ਜਗਜੀਤ ਸਿੰਘ ਸੇਖੋ, ਗੁਰਜੰਟ ਸਿੰਘ ਖਰਾ, ਜਗਦੀਪ ਸਿੰਘ ਘੁਮਾਣ, ਚਮਕੌਰ ਸਿੰਘ ਘੁਮਾਣ, ਜੱਗਾ ਸਿੰਘ ਮਾਨ, ਦਰਸ਼ਨ ਸਿੰਘ ਮਾਨ ਹਾਜ਼ਰ ਸਨ।