ਕਿਸਾਨ ਆਗੂਆਂ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ
ਪੱਤਰ ਪ੍ਰੇਰਕ
ਧੂਰੀ, 5 ਮਾਰਚ
ਸੰਯੁਕਤ ਮੋਰਚੇ ਦੇ ਸੱਦੇ ’ਤੇ ਕਿਸਾਨੀ ਮੰਗਾਂ ਮੰਨਵਾਉਣ ਲਈ ਚੰਡੀਗੜ੍ਹ ਪੱਕੇ ਮੋਰਚੇ ਨੂੰ ਸਰਕਾਰ ਵੱਲੋਂ ਤਾਰਪੀਡੋ ਕਰਨ ਲਈ ਸੂਬੇ ਅੰਦਰ ਕਿਸਾਨਾਂ ਦੀ ਫੜੋ-ਫੜੀ ਦੀ ਲੜੀ ਵਜੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੂੰ ਬਿਮਾਰ ਹੋਣ ਦੇ ਬਾਵਜੂਦ ਘਰੋਂ ਚੁੱਕ ਕੇ ਜੇਲ੍ਹ ਭੇਜ ਦੇਣ ਵਿਰੁੱਧ ਅੱਜ ਕਿਸਾਨ ਵਫ਼ਦ ਨੇ ਐੱਸਡੀਐੱਮ ਧੂਰੀ ਵਿਕਾਸ ਹੀਰਾ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਕਰ ਰਹੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਐੱਸਡੀਐੱਮ ਧੂਰੀ ਨੂੰ ਦੱਸਿਆ ਕਿ ਕਿਸਾਨ ਆਗੂ ‘ਜਹਾਂਗੀਰ’ ਦਿਲ ਦੇ ਰੋਗ ਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਪਿਛਲੇ ਦਿਨਾਂ ਤੋਂ ਕਿਸਾਨ ਸਰਗਰਮੀਆਂ ਤੋਂ ਵੀ ਲਾਂਭੇ ਸੀ ਅਤੇ ਹਾਲ ਹੀ ਦੌਰਾਨ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਰਹਿਣ ਪਿੱਛੋ ਘਰ ਪਰਤੇ ਸਨ। ਆਗੂਆਂ ਅਨੁਸਾਰ ਐਸਡੀਐਮ ਵਿਕਾਸ ਹੀਰਾ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਆਗੂ ਦੀ ਰਿਹਾਈ ਲਈ ਫੌਰੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ।