1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਪੱਤਰ ਦੀਆਂ ਕਾਪੀਆਂ ਫੂਕੀਆਂ
ਅੱਜ ਬਾਅਦ ਦੁਪਹਿਰ ਫਰੰਟ ਦੇ ਸੱਦੇ’ ਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਕਾਲਜ ਰੌਸ਼ਨਵਾਲਾ ਅਤੇ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਇਥੇ ਰਣਬੀਰ ਕਾਲਜ ਦੇ ਮੁੱਖ ਗੇਟ ’ਤੇ ਪੁੱਜੇ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਫੂਕਦਿਆਂ ਪ੍ਰਦਰਸ਼ਨ ਕੀਤਾ। ਫਰੰਟ ਆਗੂ ਪ੍ਰੋ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਨਾਦਰਸ਼ਾਹੀ ਢੰਗ ਨਾਲ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਰੈਗੂਲਰ ਸੇਵਾਵਾਂ ਨੂੰ ਸੰਕੇਤਕ ਰੂਪ ਵਿੱਚ 17 ਫਰਵਰੀ, 2026 ਤੱਕ ਸੀਮਤ ਕਰ ਦਿੱਤਾ ਗਿਆ ਹੈ, ਜਦੋਂ ਕਿ ਸਰਵਉਚ ਅਦਾਲਤ ਵੱਲੋਂ ਸਪੱਸ਼ਟ ਰੂਪ ’ਚ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਹੋਇਆ। ਪ੍ਰੋ. ਸਤਵਿੰਦਰ ਸਿੰਘ ਨੇ ਕਿਹਾ ਕਿ ਜਾਰੀ ਪੱਤਰ ਅਨੁਸਾਰ ਮਹਿਲਾ ਪ੍ਰੋਫੈਸਰਾਂ ਨੂੰ ਮਿਲਣ ਵਾਲੀ ਜਣੇਪਾ ਛੁੱਟੀ ਨੂੰ ਵੀ 180 ਦਿਨਾਂ ਤੋਂ ਘਟਾ ਕੇ 17 ਫਰਵਰੀ, 2026 ਤੱਕ ਸੀਮਤ ਕਰ ਦਿੱਤਾ ਹੈ, ਜੋ ਕਿ ਸੰਵਿਧਾਨਕ ਤੌਰ ’ਤੇ ਗੈਰਕਾਨੂੰਨੀ ਅਤੇ ਮਾਨਵੀ ਪੱਤਰ ’ਤੇ ਸ਼ਰਮਨਾਕ ਹੈ।
ਪ੍ਰੋ. ਮਸਤ ਸਿੰਘ ਨੇ ਦੋਸ਼ ਲਾਇਆ ਕਿ ਪੱਤਰ ਵਿੱਚ ਉੱਚ ਅਧਿਆਨ ਲਈ ਛੁੱਟੀ, ਮੈਡੀਕਲ ਛੁੱਟੀ, ਇੱਥੋਂ ਤੱਕ ਕਿ ਤਨਖਾਹ ਤੋਂ ਬਿਨਾਂ ਛੁੱਟੀ ’ਤੇ ਵੀ ਪਾਬੰਦੀ ਲਾਉਣ ਦਾ ਜ਼ਿਕਰ ਹੈ, ਜੋ ਕਿ ਪੰਜਾਬ ਸਿਵਲ ਸੇਵਾ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਪ੍ਰੋ. ਹਰਕੰਵਲ ਸਿੰਘ ਨੇ ਕਿਹਾ ਕਿ ਅਜਿਹਾ ਵਤੀਰਾ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨਸ਼ਰ ਕਰਦਾ ਹੈ। ਪ੍ਰੋ. ਅਵਤਾਰ ਸਿੰਘ ਅਤੇ ਪ੍ਰੋ. ਜਗਮੀਤ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹ ਸੰਘਰਸ਼ ਨਾਦਰਸ਼ਾਹੀ ਫੁਰਮਾਨ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।
