ਜ਼ੈੱਡ ਪੀ ਐੱਸ ਸੀ ਵੱਲੋਂ ਆਗੂਆਂ ਦੀ ਰਿਹਾਈ ਲਈ ਭੁੱਖ ਹੜਤਾਲ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਪਿੰਡ ਹੇੜੀਕੇ ਵਿੱਚ ਮਜ਼ਦੂਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਜ਼ਮੀਨੀ ਘੋਲ ਦੌਰਾਨ ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਹੋਵੇ, ਉਨ੍ਹਾਂ ’ਤੇ ਦਰਜ ਪਰਚੇ ਰੱਦ ਹੋਣ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕੀਤਾ ਜਾਵੇ ਤੇ ਹੜ੍ਹਾਂ ਦੌਰਾਨ ਨੁਕਸਾਨੇ ਘਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਆਗੂ ਜਸਵੀਰ ਕੌਰ ਹੇੜੀਕੇ ਨੇ ਦੱਸਿਆ ਕਿ ਹੱਕ ਮੰਗਦੇ ਲੋਕਾਂ ਦੀ ਆਵਾਜ਼ ਦੱਬਣ ਲਈ ਝੂਠੇ ਪਰਚੇ ਦਰਜ ਕਰਨੇ ਅਤੇ ਮਜ਼ਦੂਰ ਪਰਿਵਾਰਾਂ ਨੂੰ ਡਰਾਉਣ ਲਈ ਕਈ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਨਾ ਕਰਨ ਦਾ ਸਰਕਾਰ ਦਾ ਰਵੱਈਆ ਹੁਣ ਬਰਦਾਸ਼ਤ ਤੋਂ ਬਾਹਰ ਹੈ। ਜਥੇਬੰਦੀ ਦੇ ਸੱਦੇ ’ਤੇ ਪਿੰਡ-ਪਿੰਡ ਕੀਤੀਆਂ ਜਾ ਰਹੀਆਂ ਭੁੱਖ ਹੜਤਾਲਾਂ ਦੀ ਲੜੀ ਵਜੋਂ ਅੱਜ ਮਜ਼ਦੂਰਾਂ ਨੇ ਪਿੰਡ ਹੇੜੀਕੇ ਵਿੱਚ ਭੁੱਖ ਹੜਤਾਲ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰ ਆਪਣੇ ਘਰਾਂ ਦੇ ਚੁੱਲ੍ਹੇ ਠੰਢੇ ਰੱਖ ਕੇ ਨਿਵੇਕਲੇ ਢੰਗ ਨਾਲ ਪ੍ਰਦਰਸ਼ਨ ਕਰਨਗੇ। ਜਥੇਬੰਦੀ ਦੇ ਜ਼ੋਨਲ ਆਗੂ ਸ਼ਿੰਗਾਰਾ ਸਿੰਘ ਹੇੜੀਕੇ ਨੇ ਦੱਸਿਆ ਕਿ ਹਰ ਰੋਜ਼ ਦੋ ਪਿੰਡਾਂ ਵਿੱਚ ਲੜੀਵਾਰ ਭੁੱਖ ਹੜਤਾਲ ਰੱਖੀ ਜਾਵੇਗੀ।