ਰਾਏ ਕੇ ਕਲਾਂ ’ਚ ਨੌਜਵਾਨਾਂ ਵੱਲੋਂ ਪੁਲੀਸ ਟੀਮ ’ਤੇ ਹਮਲਾ
ਐੱਸ ਐੱਸ ਪੀ ਅਮਨੀਤ ਕੌਂਡਲ ਜ਼ਖ਼ਮੀ ਐੱਸ ਐੱਚ ਓ ਰਵਿੰਦਰ ਸਿੰਘ ਦੀ ਸਿਹਤ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ। ਇੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਵਿੱਚ ਤਿੰਨ ਰੋਜ਼ਾ ਮੇਲਾ ਚੱਲ ਰਿਹਾ ਸੀ। ਇਸ ਦੌਰਾਨ ਲੜਕਿਆਂ ਦੇ ਦੋ ਧੜਿਆਂ ਦਰਮਿਆਨ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਐੱਸ ਐੱਚ ਓ ਹੋਰ ਪੁਲੀਸ ਕਰਮਚਾਰੀਆਂ ਦੀ ਟੀਮ ਨਾਲ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਤਾਂ ਉੱਥੇ ਇਕੱਤਰ ਵੱਡੀ ਗਿਣਤੀ ਲੋਕ ਇੱਕ ਨੰਬਰਦਾਰ ਦੇ ਘਰ ’ਚ ਲੁਕੇ ਸੋਨੂੰ ਨਾਮ ਦੇ ਮੁੰਡੇ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪੁਲੀਸ ਪਾਰਟੀ ਨੇ ਜਦੋਂ ਭੀੜ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਭੀੜ ’ਚੋਂ ਕੁੱਝ ਬੰਦਿਆਂ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਇੰਸਪੈਕਟਰ ਸਣੇ ਦੋ ਹੋਰ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਹਵਾ ’ਚ ਗੋਲ਼ੀਆਂ ਚਲਾਉਣੀਆਂ ਅਤੇ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਹਾਲਾਤ ਕਾਬੂ ਕਰਨ ਲਈ ਬਠਿੰਡਾ ਤੋਂ ਪੁੱਜੀ ਪੁਲੀਸ ਨੇ ਕਾਫ਼ੀ ਤਰੱਦਦ ਕਰ ਕੇ ਭੀੜ ’ਤੇ ਖਦੇੜਿਆ। ਉਨ੍ਹਾਂ ਕਿਹਾ ਕਿ ਵਾਰਦਾਤ ਸਬੰਧੀ ਪਿੰਡ ਰਾਏ ਕੇ ਕਲਾਂ ਦੇ ਸੱਤ ਜਣਿਆਂ ਸਣੇ ਕਈ ਅਣਪਛਾਤਿਆਂ ਖ਼ਿਲਾਫ਼ ਥਾਣਾ ਨੰਦਗੜ੍ਹ ਵਿੱਚ ਕੇਸ ਦਰਜ ਕਰ ਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਕਾਰਵਾਈ ਕਰ ਰਹੀ ਹੈ।