ਬਹਿਸ ਮਗਰੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਇਥੋਂ ਦੇ ਹਦੀਆਬਾਦ ਵਿੱਚ ਮਾਮੂਲੀ ਗੱਲ ਕਾਰਨ ਬਹਿਸ ਤੋਂ ਬਾਅਦ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਅਵਿਨਾਸ਼ ਉਰਫ਼ ਗੋਲੂ (30) ਪੁੱਤਰ ਨੰਦ ਲਾਲ ਵਾਸੀ ਹਦੀਆਬਾਦ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਕਰਨ ਨੇ ਦੱਸਿਆ ਕਿ ਵਾਰਦਾਤ ਮਗਰੋਂ ਮੁਲਜ਼ਮ ਕਾਲੀ ਕਰੇਟਾ ਕਾਰ ਵਿੱਚ ਫਰਾਰ ਹੋ ਗਏ। ਉਸ ਦੇ ਭਰਾ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਐੱਸ ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਜਸਪ੍ਰੀਤ ਉਰਫ਼ ਜੱਸੀ ਵਾਸੀ ਖਜੂਰਲਾ, ਰਾਜ ਕਰਨ ਉਰਫ਼ ਗੋਲੀ ਵਾਸੀ ਮਾਣਕਪੁਰ ਸ਼ਾਹਕੋਟ ਅਤੇ ਦੋ ਅਣਪਛਾਤੇ ਖਾ-ਪੀ ਰਹੇ ਸਨ ਜਿੱਥੇ ਕਿ ਅਵਿਨਾਸ਼ ਉਰਫ਼ ਗੋਲੂ ਵੀ ਆਪਣੇ ਘਰ ਤੋਂ ਜੰਝ ਘਰ ਗਿਆ। ਉਥੇ ਅਵਿਨਾਸ਼ ਦੀ ਜਸਪ੍ਰੀਤ ਨਾਲ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਸਪ੍ਰੀਤ ਨੇ ਆਪਣੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਜਸਪ੍ਰੀਤ ਉਰਫ਼ ਜੱਸੀ, ਰਾਜ ਕਰਨ ਉਰਫ਼ ਗੋਲੂ ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਾਸੀ ਮਾਣਕਪੁਰ ਸ਼ਾਹਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
