ਪ੍ਰੇਮ ਸਬੰਧਾਂ ਦੇ ਸ਼ੱਕ ’ਚ ਨੌਜਵਾਨ ਦੀ ਹੱਤਿਆ; ਕੇਸ ਦਰਜ
ਇਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਚੰਦ ਨਵਾਂ ਵਿਖੇ ਪ੍ਰੇਮ ਸਬੰਧਾਂ ਦੇ ਸ਼ੱਕ ’ਚ ਇਕ ਨੌਜਵਾਨ ਦੀ ਰੱਸੀ ਨਾਲ ਗਲ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਹੱਤਿਆ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਿੰਡ ਨੇੜੇ ਲੰਘਦੇ ਸੇਮ ਨਾਲ ’ਚ ਸੁੱਟ ਦਿੱਤੀ।
ਡੀ ਐੱਸ ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਇੰਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਮਾ ਕੁਲਵੰਤ ਕੌਰ ਦੇ ਬਿਆਨ ਉੱਤੇ ਰਮਨਦੀਪ ਕੌਰ, ਮਨਪ੍ਰੀਤ ਸਿੰਘ ਉਰਫ਼ ਘੋਨਾ, ਸੁਖਪ੍ਰੀਤ ਸਿੰਘ ਸੁੱਖਾ, ਪਵਨਦੀਪ ਸਿੰਘ ਸਾਰੇ ਵਾਸੀ ਪਿੰਡ ਚੰਦ ਨਵਾਂ ਅਤੇ ਜੋਧਪ੍ਰੀਤ ਸਿੰਘ ਉਰਫ਼ ਜੋਰਾ ਪਿੰਡ ਦੌਲੇਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਪੀੜਤ ਪਰਿਵਾਰ ਵਲੋ ਪੰਜਵੇ ਮੁਲਜ਼ਮ ਪਵਨਦੀਪ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬਾਘਾਪੁਰਾਣਾ ਚੌਕ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕੇਸ ਪੰਜਾਂ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਇਸ ਹੱਤਿਆ ਵਿਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਜ਼ਮ ਔਰਤ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਪੁਲੀਸ ਮੁਤਾਬਕ ਮੁਢਲੀ ਤਫ਼ਤੀਸ਼ ਵਿਚ ਵਾਰਦਾਤ ਨੂੰ ਅੰਜ਼ਾਮ ਤਿੰਨ ਜਣਿਆਂ ਨੇ ਦਿੱਤਾ ਪਰ ਪੀੜਤ ਪਰਿਵਾਰ ਵੱਲੋਂ ਪੰਜ ਲੋਕਾਂ ਦਾ ਨਾਮ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀ ਪੀੜਤ ਪਰਿਵਾਰ ਦੇ ਬਿਆਨ ਮੁਤਾਬਕ ਪੰਜੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਨੌਜਵਾਨ ਦੇ ਇਸ ਔਰਤ ਨਾਲ ਕਥਿਤ ਪ੍ਰੇਮ ਸਬੰਧ ਹੋਣ ਦਾ ਖ਼ਦਸ਼ਾ ਹੈ। ਪੀੜਤ ਪਰਿਵਾਰ ਮੁਤਾਬਕ ਇਹ ਨੌਜਵਾਨ 15 ਨਵੰਬਰ ਤੋਂ ਲਾਪਤਾ ਸੀ ਉਸ ਨੂੰ ਫੋਨ ਕਰਕੇ ਘਰ ਬੁਲਾਇਆ ਗਿਆ ਸੀ ਅਤੇ ਉਥੇ ਉਸ ਦੀ ਰੱਸੀ ਨਾਲ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਪਿੰਡ ਨੇੜੇ ਲੰਘਦੇ ਸੇਮ ਨਾਲੇ ਵਿਚੋਂ ਬਰਾਮਦ ਹੋਈ ਹੈ। ਪੁਲੀਸ ਨੇ ਕਿਹਾ ਕਿ ਉਹ ਪਾਰਦਰਸ਼ੀ ਢੰਗ ਨਾਲ ਜਾਂਚ ਕਰ ਰਹੇ ਹਨ।
