ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਧਰਨਾ
ਨਸ਼ੇ ਦੀ ਓਵਰਡੋਜ਼ ਕਾਰਨ ਸ਼ਹਿਰ ਦੇ ਨੌਜਵਾਨ ਦੀ ਮੌਤ ਹੋ ਗਈ| ਮ੍ਰਿਤਕ ਦੀ ਸ਼ਨਾਖਤ ਅਭੀ ਕੁਮਾਰ (18) ਵਾਸੀ ਗਲੀ ਮੇਹਰ ਸਿੰਘ ਮੈਮੋਰੀਅਲ ਸਕੂਲ ਵਾਲੀ, ਮੁਹੱਲਾ ਨਾਨਕਸਰ, ਤਰਨ ਤਾਰਨ ਵਜੋਂ ਹੋਈ ਹੈ| ਲਾਸ਼ ਅੱਜ ਸਵੇਰ ਵੇਲੇ ਆਬਾਦੀ ਵਿੱਚ ਕਿਰਾਏ ’ਤੇ ਆ ਕੇ ਰਹਿੰਦੇ ਦੋ ਜਣਿਆਂ ਦੇ ਘਰੋਂ ਬਰਾਮਦ ਹੋਈ ਹੈ| ਮ੍ਰਿਤਕ ਦੇ ਪਿਤਾ ਵਿਜੈ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਲੜਕੇ ਨੂੰ ਕੱਲ੍ਹ ਸ਼ਾਮ ਵੇਲੇ ਆਬਾਦੀ ਵਿਖੇ ਕਿਰਾਏ ’ਤੇ ਰਹਿੰਦੇ ਦੋ ਜਣੇ ਆਪਣੇ ਨਾਲ ਲੈ ਗਏ ਅਤੇ ਉਹ ਰਾਤ ਘਰ ਨਾ ਪਰਤਿਆ| ਉਸ ਦਾ ਮੋਬਾਈਲ ਵੀ ਬੰਦ ਸੀ| ਪਰਿਵਾਰ ਨੇ ਅੱਜ ਸਵੇਰ ਵੇਲੇ ਇਨ੍ਹਾਂ ਵਿਅਕਤੀਆਂ ਦੇ ਘਰ ਜਾ ਕੇ ਦੇਖਿਆ ਤਾਂ ਅਭੀ ਦੀ ਮੌਤ ਹੋ ਚੁੱਕੀ ਸੀ| ਮੌਕੇ ਤੋਂ ਸਰਿੰਜ ਬਰਾਮਦ ਹੋਈ ਹੈ| ਮ੍ਰਿਤਕ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ| ਮੁਲਜ਼ਮ ਫ਼ਰਾਰ ਹਨ| ਥਾਣਾ ਸਿਟੀ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ|
ਨਸ਼ੇ ਦੀ ਓਵਰਡੋਜ਼ ਕਾਰਨ ਅਭੀ ਦੀ ਮੌਤ ਸਬੰਧੀ ਸਥਾਨਕ ਥਾਣਾ ਸਿਟੀ ਦੀ ਕਾਰਵਾਈ ਨੂੰ ਪਰਿਵਾਰ ਅਤੇ ਮੁਹੱਲਾ ਨਾਨਕਸਰ ਅਬਾਦੀ ਦੇ ਵਾਸੀਆਂ ਨੇ ਅਸਵੀਕਾਰ ਕਰਦਿਆਂ ਅੱਜ ਸ਼ਹਿਰ ਦੀ ਮੁੱਖ ਸੜਕ ’ਤੇ ਦੇਰ ਸ਼ਾਮ ਧਰਨਾ ਦੇ ਦਿੱਤਾ, ਜਿਸ ਨਾਲ ਸ਼ਹਿਰ ਦੀ ਆਵਾਜਾਈ ਵਿੱਚ ਭਾਰੀ ਰੁਕਾਵਟ ਪੈਦਾ ਹੋ ਗਈ| ਧਰਨਾਕਾਰੀਆਂ ਦੀ ਅਗਵਾਈ ਨਗਰ ਕੌਂਸਲਰ ਜਸਪ੍ਰੀਤ ਸਿੰਘ (ਵਾਰਡ ਨੰਬਰ 7), ਸੰਜੀਵ ਕੁੰਦਰਾ (ਵਾਰਡ ਨੰਬਰ 8) ਅਤੇ ਮਨੋਜ ਅਗਨੀਹੋਤਰੀ (ਵਾਰਡ ਨੰਬਰ 10) ਨੇ ਕੀਤੀ| ਇਸ ਮੌਕੇ ਅਭੀ ਦੇ ਪਿਤਾ ਵਿਜੈ ਕੁਮਾਰ ਅਤੇ ਹੋਰਾਂ ਨੇ ਕਿਹਾ ਕਿ ਉਹ ਪੁਲੀਸ ਵਲੋਂ ਅਭੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਤੱਕ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਆਖ਼ਰੀ ਖ਼ਬਰ ਲਿੱਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਪੁਲੀਸ ਪੀੜਤ ਧਿਰ ਨੂੰ ਧਰਨਾ ਚੁਕਵਾਉਣ ਲਈ ਰਾਜੀ ਕਰਨ ਲਈ ਚਾਰਾਜੋਈ ਕਰ ਰਹੀ ਸੀ|
ਨਸ਼ੇ ਦੀ ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ): ਨਸ਼ੇ ਦੀ ਓਵਰਡੋਜ਼ ਕਾਰਨ ਕਾਨ੍ਹਗੜ੍ਹ ਸੜਕ ’ਤੇ ਸਥਿਤ ਨਵੀਂ ਸਰਾਂਪਤੀ ’ਚ 22 ਸਾਲਾ ਨੌਜਵਾਨ ਬੀਰਬਲ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਬਲਜੀਤ ਕੌਰ ਅਤੇ ਭਰਾ ਬਿੰਦਰ ਨੇ ਦੱਸਿਆ ਕਿ ਬੀਰਬਲ ਤਿੰਨ-ਚਾਰ ਸਾਲ ਤੋਂ ਨਸ਼ੇ ਦੀ ਲਪੇਟ ਵਿੱਚ ਸੀ ਅਤੇ ਖੁਦ ਹੀ ਨਸ਼ੇ ਦਾ ਟੀਕਾ ਲਗਾਉਂਦਾ ਸੀ। ਨਸ਼ੇ ਦੌਰਾਨ ਹੀ ਅੱਜ ਸਵੇਰੇ ਵੀ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਅਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਦੀ ਬਸਤੀ ਵਿਚ ਹੀ ਕਰੀਬ ਦਰਜਨ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਉਨ੍ਹਾਂ ਵਿਚੋਂ ਕਈ ਤਾਂ ਖੁਦ ਹੀ ਨਸ਼ੇ ਦਾ ਟੀਕਾ ਲਗਾਉਂਦੇ ਹਨ।
