ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਗੁਰਬਖਸ਼ਪੁਰੀ
ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਝਬਾਲ ਦੇ ਖੇਡ ਸਟੇਡੀਅਮ ਨੇੜੇ ਨੌਜਵਾਨ ਨਿਸ਼ਾਨ ਸਿੰਘ (24) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਜ਼ਿਲ੍ਹੇ ਦੇ ਪਿੰਡ ਜਾਮਾਰਾਏ ਵਿੱਚ ਓਵਰਡੋਜ਼ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋਈ ਸੀ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਨੌਜਵਾਨ ਨਿਸ਼ਾਨ ਸਿੰਘ (24) ਪੁੱਤਰ ਸੁਖਦੇਵ ਸਿੰਘ ਵਾਸੀ ਬਘਿਆੜੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਨੌਜਵਾਨ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਲੱਕੜੀ ਦਾ ਚੰਗਾ ਕਾਰੀਗਰ ਸੀ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਥਾਂ-ਥਾਂ ਤੋਂ ਆਸਾਨੀ ਨਾਲ ਮਿਲਦੇ ਨਸ਼ਿਆਂ ਕਾਰਨ ਨਿਸ਼ਾਨ ਸਿੰਘ ਵੀ ਨਸ਼ੇ ਦਾ ਆਦੀ ਬਣ ਗਿਆ ਸੀ। ਨਸ਼ੇ ਦੀ ਓਵਰਡੋਜ਼ ਕਾਰਨ ਹੀ ਉਸ ਦੀ ਮੌਤ ਹੋ ਗਈ| ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਪਤਨੀ ਕੁਝ ਚਿਰ ਪਹਿਲਾਂ ਉਸ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਸੀ। ਪਿੰਡ ਬਘਿਆੜੀ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ, ਫੁੱਲਵਿੰਦਰ ਸਿੰਘ, ਗੁਰਦਰਸ਼ਨ ਸਿੰਘ ਆਦਿ ਨੇ ਮਸ਼ਕੂਕ ਨੂੰ ਕਾਬੂ ਕੀਤਾ ਹੈ। ਉਸ ਕੋਲੋਂ ਪਸ਼ੂਆਂ ਨੂੰ ਟੀਕਾ ਲਗਾਉਣ ਲਈ ਵਰਤੀ ਜਾਣ ਵਾਲੀ ਸਰਿੰਜ ਅਤੇ ਸੂਈਆਂ ਬਰਾਮਦ ਹੋਣ ਮਗਰੋਂ ਉਸ ਨੂੰ ਝਬਾਲ ਪੁਲੀਸ ਦੇ ਹਾਵਲੇ ਕਰ ਦਿੱਤਾ ਗਿਆ ਹੈ| ਐੱਸ ਐੱਸ ਪੀ ਦੀਪਕ ਪਾਰਿਕ ਨੇ ਕਿਹਾ ਕਿ ਇਸ ਸਬੰਧੀ ਨਸ਼ਾ ਦੇਣ ਵਾਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ| ਪੁਲੀਸ ਨੇ ਇਥੋਂ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ|