ਦੀਵਾਲੀ ਮਨਾ ਰਹੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ
ਦੀਵਾਲੀ ਦੀ ਰਾਤ ਪੀ ਏ ਯੂ ਨੇੜੇ ਚਾਂਦ ਨਗਰ ਇਲਾਕੇ ਵਿੱਚ ਪਟਾਕੇ ਚਲਾਉਂਦਿਆਂ ਨੌਜਵਾਨ ਅਮਿਤ ਕੁਮਾਰ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਗੋਲੀ ਕਿਵੇਂ ਤੇ ਕਿੱਥੋਂ ਚੱਲੀ, ਇਹ ਹਾਲੇ ਪਤਾ ਨਹੀਂ ਲੱਗਾ। ਪਹਿਲਾਂ ਤਾਂ ਪੁਲੀਸ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਪਰ ਬਾਅਦ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਤੇ ਉਸ ਦੇ ਸਿਰ ’ਚੋਂ ਗੋਲੀ ਕੱਢੀ।ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਅਮਿਤ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਆਪਣੀ ਗੱਡੀ ’ਚੋਂ ਕੁਝ ਸਾਮਾਨ ਕੱਢਣ ਗਿਆ ਤਾਂ ਅਚਾਨਕ ਸੜਕ ’ਤੇ ਡਿੱਗ ਪਿਆ। ਪਰਿਵਾਰ ਨੇ ਜਦੋਂ ਉਸ ਦੇ ਸਿਰ ’ਚੋਂ ਖੂਨ ਵਗਦਾ ਦੇਖਿਆ ਤਾਂ ਭਾਜੜਾਂ ਪੈ ਗਈਆਂ। ਪਟਾਕਿਆਂ ਦੀ ਆਵਾਜ਼ ਵਿੱਚ ਕਿਸੇ ਨੂੰ ਵੀ ਗੋਲੀ ਦੀ ਆਵਾਜ਼ ਸੁਣੀ। ਪਰਿਵਾਰ ਉਸ ਨੂੰ ਡੀ ਐੱਮ ਸੀ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂ ਵਿੱਚ ਪੁਲੀਸ ਨੂੰ ਸ਼ੱਕ ਸੀ ਕਿ ਉਸ ਦੇ ਸਿਰ ’ਤੇ ਕੋਈ ਤਿੱਖੀ ਚੀਜ਼ ਲੱਗੀ ਹੋਵੇਗੀ ਪਰ ਬਾਅਦ ਵਿੱਚ ਗੋਲੀ ਲੱਗਣ ਦਾ ਸ਼ੱਕ ਹੋਇਆ। ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਦੌਰਾਨ ਜਦੋਂ ਉਸ ਦੇ ਸਿਰ ’ਚੋਂ ਗੋਲੀ ਕੱਢੀ ਤਾਂ ਸਥਿਤੀ ਸਪੱਸ਼ਟ ਹੋਈ। ਇੰਸਪੈਕਟਰ ਵਿਜੈ ਕੁਮਾਰ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਮੌਤ ਗੋਲੀ ਲੱਗਣ ਕਾਰਨ ਹੋਈ ਹੈ।