ਬਹਿਸ ਮਗਰੋਂ ਨੌਜਵਾਨ ਨੇ ਗੁਆਂਢੀ ਦੇ ਸਿਰ ’ਚ ਗੋਲੀ ਮਾਰੀ
ਪੁਲੀਸ ਵੱਲੋ ਮੁਲਜ਼ਮ ਦੇ ਘਰੋਂ ਹਥਿਆਰ ਬਰਾਮਦ; ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ
Advertisement
ਸਥਾਨਕ ਜਮਾਲਪੁਰ ਦੇ ਮੁੰਡੀਆਂ ਇਲਾਕੇ ਵਿੱਚ ਪੈਂਦੇ ਰਾਮ ਨਗਰ ’ਚ ਮਾਮੂਲੀ ਗੱਲ ਤੋਂ ਹੋਈ ਬਹਿਸ ਮਗਰੋਂ ਨੌਜਵਾਨ ਨੇ ਗੁਆਂਢੀ ਦੁਕਾਨਦਾਰ ਦੇ ਸਿਰ ’ਚ ਗੋਲੀ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦੇ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲਾ ਨੌਜਵਾਨ ਫ਼ਰਾਰ ਹੋ ਗਿਆ। ਏ ਸੀ ਪੀ ਜਸਵਿੰਦਰ ਸਿੰਘ ਅਤੇ ਥਾਣਾ ਜਮਾਲਪੁਰ ਦੀ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਹਿਮਾਂਸ਼ੂ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਜਦੋਂਕਿ ਮੁਲਜ਼ਮ ਗੁਲਸ਼ਨ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ।ਏ ਸੀ ਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਿਮਾਂਸ਼ੂ ਦੇ ਭਰਾ ਦਾ ਸੈਲੂਨ ਹੈ ਅਤੇ ਉਹ ਉਸ ਨਾਲ ਹੀ ਕੰਮ ਕਰਦਾ ਸੀ। ਗੋਲੀ ਚਲਾਉਣ ਵਾਲਾ ਨੌਜਵਾਨ ਨਸ਼ੇੜੀ ਹੈ ਅਤੇ ਉਹ ਅਕਸਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਅੱਜ ਜਦੋਂ ਹਿਮਾਂਸ਼ੂ ਅਤੇ ਉਸ ਦਾ ਭਰਾ ਦੁਕਾਨ ਬੰਦ ਕਰ ਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਮੌਕੇ ’ਤੇ ਗੁਲਸ਼ਨ ਆ ਗਿਆ ਅਤੇ ਟਿਫਨ ਦੀ ਮੰਗ ਕਰਨ ਲੱਗਿਆ। ਉਨ੍ਹਾਂ ਕਿਹਾ ਕਿ ਟਿਫਨ ਨਹੀਂ ਹੈ ਤਾਂ ਇਸ ਗੱਲ ਤੋਂ ਗੁਲਸ਼ਨ ਦੀ ਉਨ੍ਹਾਂ ਨਾਲ ਬਹਿਸ ਹੋ ਗਈ। ਗੁੱਸੇ ਵਿੱਚ ਆਏ ਗੁਲਸ਼ਨ ਨੇ ਹਿਮਾਂਸ਼ੂ ਦੇ ਸਿਰ ’ਚ ਗੋਲੀ ਮਾਰ ਦਿੱਤੀ। ਹਿਮਾਂਸ਼ੂ ਦਾ ਭਰਾ ਅਤੇ ਮੌਕੇ ’ਤੇ ਮੌਜੂਦ ਲੋਕ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਹਿਮਾਂਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਜਮਾਲਪੁਰ ਦੇ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਹਥਿਆਰ ਬਰਾਮਦ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement