ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਡਾਬਾ ਇਲਾਕੇ ਦੇ ਮੁਹੱਲਾ ਢਿੱਲੋਂ ਨਗਰ ਵਿੱਚ ਰਹਿਣ ਵਾਲੇ ਗੁਰਪ੍ਰੀਤ ਸਿੰਘ (28) ਦੀ ਜ਼ਿਆਦਾ ਨਸ਼ਾ ਕਰਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਪਰ ਕੁਝ ਦੇਰ ਬਾਅਦ ਅਰਥ ਬੇਹੋਸ਼ ਹਾਲਤ ਵਿੱਚ ਗੁਰਪ੍ਰੀਤ ਦੇ ਦੋਸਤ ਉਸ ਨੂੰ ਘਰ ਛੱਡ ਗਏ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਦਕ ਐਲਾਨ ਦਿੱਤਾ। ਮ੍ਰਿਤਕ ਦੇ ਮਾਪਿਆਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਥਾਣਾ ਡਾਬਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗੁਰਪ੍ਰੀਤ ਸਿੰਘ ਦੀ ਮਾਤਾ ਦਰਸ਼ਨਾ ਰਾਣੀ ਦੀ ਸ਼ਿਕਾਇਤ ’ਤੇ ਗੁਰਪ੍ਰੀਤ ਦੇ ਦੋਸਤ ਗਿਆਨੀ ਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਦਰਸ਼ਨਾ ਰਾਣੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਫੈਕਟਰੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਉਸ ਦਾ ਦੋਸਤ ਗਿਆਨੀ ਵੀ ਇਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਦੋਵੇਂ ਘਰੋਂ ਕਿਤੇ ਗਏ ਸਨ ਜਿਥੇ ਉਨ੍ਹਾਂ ਸ਼ਰਾਬ ਪੀ ਕੇ ਕੋਈ ਨਸ਼ਾ ਕੀਤਾ। ਨਸ਼ਾ ਵੱਧ ਕੀਤੇ ਜਾਣ ਕਾਰਨ ਗੁਰਪ੍ਰੀਤ ਦੀ ਸਿਹਤ ਵਿਗੜਨ ਲੱਗੀ। ਇਸ ਮਗਰੋਂ ਗਿਆਨੀ ਤੇ ਉਸ ਦਾ ਦੋਸਤ ਗੁਰਪ੍ਰੀਤ ਨੂੰ ਘਰ ਛੱਡਣ ਆਏ ਜਿਥੇ ਉਨ੍ਹਾਂ ਦਰਸ਼ਨਾ ਰਾਣੀ ਨੂੰ ਦੱਸਿਆ ਕਿ ਗੁਰਪ੍ਰੀਤ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਹੈ। ਦੋਵੇਂ ਗੁਰਪ੍ਰੀਤ ਨੂੰ ਬੈੱਡ ’ਤੇ ਛੱਡ ਕੇ ਭੱਜ ਗਏ। ਕੁਝ ਸਮੇਂ ਤੱਕ ਜਦੋਂ ਗੁਰਪ੍ਰੀਤ ਨੂੰ ਹੋਸ਼ ਨਾ ਆਇਆ ਤਾਂ ਦਰਸ਼ਨਾ ਰਾਣੀ ਨੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਹਾਲੇ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।