ਹੋਟਲ ’ਚ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਨੌਜਵਾਨ ਤੇ ਔਰਤ ਦੀ ਮੌਤ
ਇਥੇ ਬਾਲਦ ਕੈਂਚੀਆਂ ਵਿਖੇ ਹੋਟਲ ਦੇ ਕਮਰੇ ਵਿੱਚ ਰਾਤ ਸਮੇਂ ਠੰਢ ਤੋਂ ਬਚਣ ਲਈ ਲਗਾਈ ਕੋਲੇ ਦੀ ਅੰਗੀਠੀ ਦੀ ਗੈਸ ਨਾਲ ਦਮ ਘੁਟਣ ਕਾਰਨ ਨੌਜਵਾਨ ਤੇ ਔਰਤ ਦੀ ਮੌਤ ਹੋ ਗਈ। ਥਾਣਾ ਭਵਾਨੀਗੜ੍ਹ ਦੇ ਏ ਐੱਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ਼ ਮਾਮੂ (27) ਵਾਸੀ ਪਿੰਡ ਫੱਗੂਵਾਲਾ ਅਤੇ ਮਨਜੀਤ ਕੌਰ (40) ਵਾਸੀ ਪਿੰਡ ਰਾਏ ਸਿੰਘ ਵਾਲਾ ਦੋਵੇਂ ਵਿਆਹਾਂ ਵਿਚ ਮਜ਼ਦੂਰੀ ਦਾ ਕੰਮ ਕਰਦੇ ਸਨ। ਦੋਵੇਂ ਕਈ ਦਿਨਾਂ ਤੋਂ ਬਾਲਦ ਕੈਂਚੀਆਂ ਭਵਾਨੀਗੜ੍ਹ ਸਥਿਤ ਹੋਟਲ ਵਿਚ ਕੰਮ ਕਰ ਰਹੇ ਸਨ ਤੇ ਉੱਥੇ ਹੀ ਰਹਿ ਰਹੇ ਸਨ। ਇਸੇ ਦੌਰਾਨ ਕੱਲ੍ਹ ਰਾਤ ਦੋਵੇਂ ਕੰਮ ਕਰਨ ਤੋਂ ਬਾਅਦ ਹੋਟਲ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿਚ ਸੌਣ ਚਲੇ ਗਏ ਅਤੇ ਠੰਢ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਜਲਾ ਲਈ। ਹੋਟਲ ਮਾਲਕ ਦੇ ਘਰ ਵਿਆਹ ਹੋਣ ਕਾਰਨ ਮਾਲਕ ਤੇ ਹੋਟਲ ਦਾ ਸਟਾਫ਼ ਵਿਆਹ ਵਿੱਚ ਰੁੱਝਿਆ ਹੋਇਆ ਸੀ। ਇਸ ਦੌਰਾਨ ਦੁਪਹਿਰ ਨੂੰ ਹੋਟਲ ਦਾ ਮਾਲਕ ਜਦੋਂ ਕੁਝ ਸਾਮਾਨ ਲੈਣ ਲਈ ਹੋਟਲ ਆਇਆ ਤਾਂ ਉਸ ਨੇ ਦੇਖਿਆ ਕਿ ਉਪਰ ਵਾਲਾ ਕਮਰਾ ਅੰਦਰੋਂ ਬੰਦ ਸੀ, ਜਦੋਂ ਉਸ ਨੇ ਖਿੜਕੀ ‘ਚੋਂ ਦੇਖਿਆ ਤਾਂ ਨੌਜਵਾਨ ਤੇ ਔਰਤ ਆਪੋ-ਆਪਣੇ ਬਿਸਤਰਿਆਂ ’ਤੇ ਬੇਹੋਸ਼ ਪਏ ਸਨ। ਹੋਟਲ ਮਾਲਕ ਵੱਲੋਂ ਥਾਣੇ ਨੂੰ ਜਾਣਕਾਰੀ ਦੇਣ ਉਪਰੰਤ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਨੌਜਵਾਨ ਤੇ ਔਰਤ ਦੇ ਪਰਿਵਾਰਾਂ ਦੀ ਮੌਜੂਦਗੀ ਵਿਚ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਕਿ ਨੌਜਵਾਨ ਤੇ ਔਰਤ ਦਮ ਤੋੜ ਚੁੱਕੇ ਸਨ। ਕਮਰੇ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਅੰਦਰੋਂ ਬੰਦ ਸਨ ਤੇ ਕਮਰੇ ਵਿਚ ਇੱਕ ਬੁਝੀ ਹੋਈ ਕੋਲੇ ਦੀ ਅੰਗੀਠੀ ਸੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਕੀਤੀ ਗਈ ਹੈ।
