ਯੋਗੀ ਨੇ ਪੰਜਾਬ ਲਈ ਕਣਕ ਦਾ ਬੀਜ ਭੇਜਿਆ
ਉੱਤਰ ਪ੍ਰਦੇਸ਼ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਲਈ ਕਰੀਬ ਹਜ਼ਾਰ ਕੁਇੰਟਲ ਕਣਕ ਦਾ ਬੀਜ ਅੱਜ ਪੰਜਾਬ ਲਈ ਰਵਾਨਾ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੀਜ ਦੇ ਭਰੇ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 13 ਅਕਤੂਬਰ ਨੂੰ ਨਵੀਂ ਦਿੱਲੀ ’ਚ ਹੋਈ ਕੌਮੀ ਕਾਨਫ਼ਰੰਸ ’ਚ ਇਹ ਮਾਮਲਾ ਚੁੱਕਿਆ ਸੀ ਅਤੇ ਉਸ ਵੇਲੇ ਹੀ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਨੇ ਪੰਜਾਬ ਨੂੰ ਹਜ਼ਾਰ ਕੁਇੰਟਲ ਕਣਕ ਦਾ ਬੀਜ ਦੇਣ ਦਾ ਐਲਾਨ ਕੀਤਾ ਸੀ। ਉੱਤਰ ਪ੍ਰਦੇਸ਼ ਬੀਜ ਵਿਕਾਸ ਨਿਗਮ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਡੀ ਬੀ ਡਬਲਿਊ-327 ਕਿਸਮ ਦਾ ਕਣਕ ਦਾ ਬੀਜ ਭੇਜ ਦਿੱਤਾ ਗਿਆ ਹੈ। ਟਰੱਕਾਂ ਰਾਹੀਂ ਭੇਜਿਆ ਗਿਆ ਬੀਜ ਭਲਕੇ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ। ਖੁੱਡੀਆਂ ਨੇ ਇਸ ਮਦਦ ਲਈ ਉੱਤਰ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੀਜ ਅਜਨਾਲਾ ਹਲਕੇ ਦੇ ਕਿਸਾਨਾਂ ਨੂੰ ਵੰਡਿਆ ਜਾਵੇਗਾ ਖੁੱਡੀਆਂ ਨੇ ਅੱਜ ਫ਼ੋਨ ਕਰਕੇ ਵੀ ਯੂ ਪੀ ਦੇ ਖੇਤੀਬਾੜੀ ਮੰਤਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸੇ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਭੇਜਣ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂ ਪੀ ਸਰਕਾਰ ਦੀ ਇਹ ਸੰਵੇਦਨਸ਼ੀਲ ਪਹਿਲ ਹੈ, ਜਿਸ ਨਾਲ ਕਿਸਾਨਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਵਿੱਚ ਮਦਦ ਮਿਲੇਗੀ।