ਮਜ਼ਦੂਰਾਂ ਦੀ ਪਿਕਅੱਪ ਨੂੰ ਟਰਾਲੇ ਨੇ ਟੱਕਰ ਮਾਰੀ
ਪਿੰਡ ਚਾਓਕੇ ਤੋਂ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਅੱਜ ਨਰਮਾ ਚੁਗਣ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਪਿੱਕਅਪ ਜੀਪ ਨੂੰ ਟਰਾਲੇ ਵੱਲੋਂ ਟੱਕਰ ਮਾਰਨ ਕਾਰਨ ਅੱਧੀ ਦਰਜ਼ਨ ਖੇਤ ਮਜ਼ਦੂਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਟਰਾਲਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਅੱਜ ਸਵੇਰੇ ਪਿੰਡ ਚਾਓਕੇ ਤੋਂ ਪਿੱਕਅਪ ਜੀਪ 15 ਦੇ ਕਰੀਬ ਖੇਤ ਮਜ਼ਦੂਰ ਨੂੰ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਮਲਕਾਣਾ ਦੇ ਕਿਸਾਨ ਦੇ ਖੇਤ ’ਚ ਨਰਮਾ ਚੁਗਣ ਲਈ ਲਿਜਾ ਰਹੀ ਸੀ, ਜਦ ਜੀਪ ਤਲਵੰਡੀ ਸਾਬੋ-ਮਲਕਾਣਾ ਰੋਡ ’ਤੇ ਅੱਗੇ ਜਾ ਰਹੇ ਟਰਾਲੇ ਨੂੰ ਓਵਰਟੇਕ ਕਰਨ ਲੱਗੀ ਤਾਂ ਟਰਾਲੇ ਨੇ ਜੀਪ ਨੂੰ ਫੇਟ ਮਾਰ ਦਿੱਤੀ ਅਤੇ ਉਹ ਬੇਕਾਬੂ ਹੋ ਕੇ ਨਾਲ ਲੱਗਦੇ ਖੇਤ ਵਿੱਚ ਪਲਟ ਗਈ। ਇਸ ਕਾਰਨ ਅੱਧੀ ਦਰਜਨ ਖੇਤ ਮਜ਼ਦੂਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਨੇ ਐਂਬੂਲੈਂਸਾਂ ਬੁਲਾ ਕੇ ਸਥਾਨਕ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ। ਜ਼ਖ਼ਮੀਆਂ ਦੀ ਪਛਾਣ ਰਾਜ ਕੌਰ (52), ਪਰਮਜੀਤ ਕੌਰ (50) , ਬੰਟੀ ਕੌਰ (32) , ਬਲਜਿੰਦਰ ਕੌਰ (50) , ਮਨਜੀਤ ਕੌਰ (47) ਅਤੇ ਪਰਮਜੀਤ ਕੌਰ (45) ਵਜੋਂ ਹੋਈ ਹੈ।
ਦੋ ਮੋਟਰਸਾਈਕਲ ਟਕਰਾਏ, ਪਤੀ ਦੀ ਮੌਤ, ਪਤਨੀ ਜ਼ਖ਼ਮੀ
ਖਰੜ (ਪੱਤਰ ਪ੍ਰੇਰਕ): ਇੱਥੇ ਖਰੜ-ਚੰਡੀਗੜ੍ਹ ਫਲਾਈਓਵਰ ’ਤੇ ਬੀਤੀ ਰਾਤ ਹੋਏ ਹਾਦਸੇ ਵਿਚ ਤਜਿੰਦਰ ਸਿੰਘ (40) ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਸੁਪਰੀਨ ਕੌਰ ਜ਼ਖ਼ਮੀ ਹੋ ਗਈ। ਇਸ ਸਬੰਧੀ ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਾਸੀ ਪ੍ਰਧਾਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸ਼ਾਮ ਵੇਲੇ ਉਸ ਦਾ ਪੁੱਤਰ ਅਤੇ ਨੂੰਹ ਮੋਟਰਸਾਈਕਲ ’ਤੇ ਚੰਡੀਗੜ੍ਹ ਜਾ ਰਹੇ ਸਨ, ਜਦੋਂ ਉਹ ਫਲਾਈਓਵਰ ’ਤੇ ਸਿਟੀ ਹਾਰਟ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ। ਇਸ ਨਾਲ ਉਹ ਦੋਵੇਂ ਸੜਕ ’ਤੇ ਡਿੱਗ ਗਏ। ਉਨ੍ਹਾਂ ਨੂੰ ਮੁਹਾਲੀ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਖਰੜ ਪੁਲੀਸ ਨੇ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।