ਸੈਮੀ-ਫਾਈਨਲ ਜਿੱਤ ਲਿਆ, ਹੁਣ 2027 ਦੇ ਫਾਈਨਲ ਦੀ ਤਿਆਰੀ: ਅਮਨ ਅਰੋੜਾ
ਗਗਨਦੀਪ ਅਰੋੜਾ
ਲੁਧਿਆਣਾ, 23 ਜੂਨ
ਲੁਧਿਆਣਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ਦਾ ਸੈਮੀ-ਫਾਈਨਲ ਜਿੱਤ ਲਿਆ ਹੈ ਤੇ ਹੁਣ 2027 ਵਿੱਚ ਹੋਣ ਵਾਲੇ ਫਾਈਨਲ ਲਈ ‘ਆਪ’ ਦੀ ਟੀਮ ਬਿਲਕੁਲ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਜ਼ਿਮਨੀ ਚੋਣ ਵਾਂਗ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ‘ਆਪ’ ਹਰ ਹਲਕੇ ਵਿੱਚ ਵੱਡੇ ਫ਼ਰਕ ਨਾਲ ਚੋਣਾਂ ਜਿੱਤੇਗੀ। ਸੂਬਾਈ ਪ੍ਰਧਾਨ ਅਮਨ ਅਰੋੜਾ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਵਧਾਈ ਦੇਣ ਲਈ ਇੱਥੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ‘ਆਪ’ ਵਾਲੰਟੀਅਰਾਂ ਅਤੇ ਲੁਧਿਆਣਾ ਦੇ ਲੋਕਾਂ ਨੂੰ ਜਾਂਦਾ ਹੈ। ਅਮਨ ਅਰੋੜਾ ਨੇ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਦੁਬਾਰਾ ‘ਆਪ’ ਦੀ ਸਰਕਾਰ ਬਣੇਗੀ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਜਿੱਤ ਲੁਧਿਆਣਾ ਦੇ ਲੋਕਾਂ ਦੀ ਹੈ। ਪੱਛਮੀ ਹਲਕੇ ਦੇ ਲੋਕਾਂ ਨੇ ‘ਆਪ’ ਨੂੰ ਦੂਜੀ ਵਾਰ ਇੰਨਾ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਅਰਵਿੰਦ ਕੇਜਰੀਵਾਲ ਦੇ ਸਿਧਾਂਤਾਂ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਤਿੰਨ ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਹੈ। ਇਹ ਜਿੱਤ ਸੰਜੀਵ ਅਰੋੜਾ ਦੀ ਨਿਮਰਤਾ ਅਤੇ ਇਮਾਨਦਾਰੀ ਦੀ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਨੇ ਚੋਣਾਂ ਵਿੱਚ ‘ਆਪ’ ਦਾ ਦਬਦਬਾ ਬਣਾਈ ਰੱਖਿਆ। 2022 ਵਿੱਚ ਵੋਟਰਾਂ ਨੇ ‘ਆਪ’ ਨੂੰ ਜੋ ਜਿੱਤ ਦਾ ਫ਼ਰਕ ਦਿੱਤਾ ਸੀ, ਇਸ ਵਾਰ ਜ਼ਿਮਨੀ ਚੋਣ ਵਿੱਚ ਦੁੱਗਣਾ ਕਰ ਦਿੱਤਾ। ਉਨ੍ਹਾਂ ਕਿਹਾ ਕਿ 2027 ਵਿੱਚ ‘ਆਪ’ ਦੁਬਾਰਾ ਸਰਕਾਰ ਬਣਾਏਗੀ ਅਤੇ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 2027 ਵਿੱਚ ਆਪਣੇ ਕੀਤੇ ਵਿਕਾਸ ਕਾਰਜਾਂ ਦੇ ਸਿਰ ’ਤੇ ਲੋਕਾਂ ਕੋਲੋਂ ਵੋਟਾਂ ਮੰਗਣ ਜਾਣਗੇ।
ਇਹ ਪੂਰੇ ਲੁਧਿਆਣਾ ਦੀ ਜਿੱਤ: ਸੰਜੀਵ ਅਰੋੜਾ
ਲੁਧਿਆਣਾ ਦੇ ਹਲਕੇ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਮਗਰੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਲੋਕਾਂ ਦੇ ਧੰਨਵਾਦੀ ਹਨ। ਇਹ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਣਗੇ। ਇਹ ਜਿੱਤ ਪੱਛਮੀ ਹਲਕੇ ਦੇ ਵਰਕਰਾਂ ਦੀ ਹੈ। ਇਹ ਹਲਕੇ ਦੀ ਜਿੱਤ ਹੈ ਅਤੇ ਲੋਕਾਂ ਦਾ ਹਰ ਕੰਮ ਪਹਿਲਕਦਮੀ ਦੇ ਆਧਾਰ ’ਤੇ ਕੀਤਾ ਜਾਵੇਗਾ।