ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਫੈਕਲਟੀ ਨੂੰ ਸੰਮਨ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਫੈਕਲਟੀ ਮੈਂਬਰਾਂ, ਜਿਨ੍ਹਾਂ ਵਿੱਚ ਡੀਨ ਤੇ ਲਾਅ ਵਿਭਾਗ ਦੇ ਮੁਖੀ ਅਤੇ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪ੍ਰਧਾਨ ਭੁਪਿੰਦਰ ਸਿੰਘ ਵਿਰਕ ਅਤੇ ਸਾਬਕਾ ਰਜਿਸਟਰਾਰ ਅਤੇ ਡੀਨ, ਫੈਕਲਟੀ ਆਫ ਲਾਅ, ਪ੍ਰੋਫੈਸਰ (ਸੇਵਾਮੁਕਤ) ਵਰਿੰਦਰ ਕੌਸ਼ਿਕ ਸ਼ਾਮਲ ਹਨ, ਨੂੰ ਸੰਮਨ ਜਾਰੀ ਕੀਤੇ ਹਨ। ਇਹ ਕਾਰਵਾਈ ਪੰਜਾਬ ਸਕੂਲ ਆਫ਼ ਲਾਅ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਸਹਾਇਕ ਪ੍ਰੋਫੈਸਰ ਵੱਲੋਂ ਕੰਮ ਵਾਲੀ ਥਾਂ 'ਤੇ ਕਥਿਤ ਪ੍ਰੇਸ਼ਾਨੀ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਵਿੱਚ ਕੀਤੀ ਗਈ ਹੈ।
ਦੋਵਾਂ ਪ੍ਰੋਫੈਸਰਾਂ ਨੂੰ 11 ਨਵੰਬਰ ਨੂੰ ਸਵੇਰੇ 10 ਵਜੇ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਕਮਿਸ਼ਨ ਨੇ ਸਹਾਇਕ ਪ੍ਰੋਫੈਸਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦਾ ਨੋਟਿਸ ਲਿਆ ਹੈ, ਜਿਸ ਵਿੱਚ ਲਗਾਤਾਰ ਪ੍ਰੇਸ਼ਾਨੀ ਦਾ ਦੋਸ਼ ਲਾਇਆ ਗਿਆ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਉਸ ’ਤੇ ਪ੍ਰੋਫੈਸਰ ਕੌਸ਼ਿਕ ਅਤੇ ਪ੍ਰੋਫੈਸਰ ਵਿਰਕ ਵਿਰੁੱਧ ਪਹਿਲਾਂ ਦਰਜ ਕਰਵਾਈਆਂ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸ ਵਿੱਚ ਦੋਵਾਂ 'ਤੇ ਆਪਣੇ ਪ੍ਰਭਾਵਸ਼ਾਲੀ ਅਹੁਦਿਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਸ ਸਬੰਧੀ ਪ੍ਰੋਫੈਸਰ (ਸੇਵਾਮੁਕਤ) ਕੌਸ਼ਿਕ ਟਿੱਪਣੀ ਲਈ ਉਪਲਬਧ ਨਹੀਂ ਹੋ ਸਕੇ, ਉੱਥੇ ਹੀ ਪ੍ਰੋਫੈਸਰ ਵਿਰਕ ਨੇ ਇਸ ਦੋਸ਼ ਨੂੰ "ਬੇਬੁਨਿਆਦ ਅਤੇ ਨਿਰਾਸ਼ਾਜਨਕ" ਦੱਸਦੇ ਹੋਏ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਪੱਖ ਪੇਸ਼ ਕਰਨ ਲਈ ਕਮਿਸ਼ਨ ਅੱਗੇ ਪੇਸ਼ ਹੋਣਗੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਜਿਹੇ ਦੋਸ਼ਾਂ ਨੇ ਉਨ੍ਹਾਂ ਦੀ ਸਾਖ ਨੂੰ ਪਹੁੰਚਾਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਅਤੇ ਪੁਲੀਸ ਦੋਵਾਂ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਪ੍ਰੋਫੈਸਰ ਵਿਰਕ ਨੇ ਕਿਹਾ, "ਅਸੀਂ ਉਨ੍ਹਾਂ ਦੇ ਸਾਹਮਣੇ ਪਹਿਲਾਂ ਹੀ ਆਪਣੇ ਬਿਆਨ ਜਮ੍ਹਾਂ ਕਰਵਾ ਦਿੱਤੇ ਹਨ।"
ਸ਼ਿਕਾਇਤਕਰਤਾ, ਜੋ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਕੇਂਦਰ ਲਈ ਨਿਯੁਕਤ ਕੀਤੀ ਗਈ ਸੀ, ਵਰਤਮਾਨ ਵਿੱਚ ਪੰਜਾਬ ਸਕੂਲ ਆਫ਼ ਲਾਅ ਵਿੱਚ ਪੜ੍ਹਾ ਰਹੀ ਹੈ।
ਪ੍ਰੋਫੈਸਰ ਵਿਰਕ ਨੇ ਬਦਲਾਖੋਰੀ ਜਾਂ ਪ੍ਰਸ਼ਾਸਕੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਤਰੱਕੀਆਂ ਅਤੇ ਕਾਰਜ ਵੰਡ ਨਾਲ ਸਬੰਧਤ ਮਾਮਲੇ ਡੀਨ, ਅਕਾਦਮਿਕ ਮਾਮਲੇ ਅਤੇ ਪ੍ਰਸ਼ਾਸਕੀ ਵਿਭਾਗ ਕਮੇਟੀ ਦੀ ਪ੍ਰਧਾਨਗੀ ਹੇਠ ਇੱਕ ਛੇ ਮੈਂਬਰੀ ਕਮੇਟੀ ਦੁਆਰਾ ਸੰਭਾਲੇ ਜਾਂਦੇ ਹਨ, ਜਿਸ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।
