ਵਿਆਹ ਤੋਂ ਇਨਕਾਰ ਕਰਨ ’ਤੇ ਔਰਤ ਨੂੰ ਅੱਗ ਲਾਈ
ਪੀੜਤਾ ਦੀ ਪਛਾਣ ਸਤਿੰਦਰ ਵਰਮਾ ਵਜੋਂ ਹੋਈ ਹੈ, ਜੋ ਆਪਣੇ ਤਿੰਨ ਬੱਚਿਆਂ ਨਾਲ ਏਕਤਾ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ।
ਜਾਣਕਾਰੀ ਅਨੁਸਾਰ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਰਾਮਾ ਮੰਡੀ ਦੇ ਬਾਜ਼ੀਗਰ ਮੁਹੱਲੇ ’ਚ ਰਹਿਣ ਵਾਲਾ ਬਾਸਾ ਨਾਂ ਦਾ ਇੱਕ ਅੱਧਖੜ ਉਮਰ ਦਾ ਵਿਅਕਤੀ ਸਬਜ਼ੀ ਵੇਚਣ ਲਈ ਆਉਂਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਮੇਂ ਤੋਂ ਉਹ ਸਤਿੰਦਰ ਨੂੰ ਵਿਆਹ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਪਰ ਸਤਿੰਦਰ ਨੇ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ ਸੀ। ਘਟਨਾ ਵਾਲੀ ਰਾਤ ਉਹ ਵਿਅਕਤੀ ਅਚਾਨਕ ਪੀੜਤ ਦੇ ਘਰ ਵਿੱਚ ਦਾਖ਼ਲ ਹੋ ਗਿਆ ਤੇ ਉਸ ’ਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸਤਿੰਦਰ ਨੇ ਉਸਦਾ ਵਿਰੋਧ ਕੀਤਾ ਤੇ ਉਸ ਨੂੰ ਥੱਪੜ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਪਰ ਕੁਝ ਸਮੇਂ ਬਾਅਦ ਉਹ ਦੁਬਾਰਾ ਪੈਟਰੋਲ ਦੀ ਬੋਤਲ ਲੈ ਕੇ ਵਾਪਸ ਆਇਆ ਤੇ ਕੰਧ ਟੱਪ ਕੇ ਘਰ ’ਚ ਦਾਖ਼ਲ ਹੋਇਆ। ਉਸ ਨੇ ਸਤਿੰਦਰ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਹ ਤੇ ਉਸ ਦੀ 15 ਸਾਲਾ ਧੀ ਤੇ 7 ਸਾਲਾ ਪੁੱਤਰ ਬੁਰੀ ਤਰ੍ਹਾਂ ਝੁਲਸ ਗਏ। ਬੱਚਿਆਂ ਨੇ ਕਿਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮੋਬਾਈਲ ’ਤੇ ਫੋਨ ਕੀਤਾ ਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਇਲਾਕੇ ਦੇ ਲੋਕ ਤੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚੇ ਤੇ ਸਾਰਿਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਸਤਿੰਦਰ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਔਰਤ ਦਾ ਸਰੀਰ ਲਗਪਗ ਪੂਰਾ ਸੜ ਗਿਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਹੈ। ਰਾਮਾ ਮੰਡੀ ਥਾਣੇ ਦੇ ਸਟੇਸ਼ਨ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਾਸਾ ਦੇ ਘਰ ਛਾਪਾ ਮਾਰਿਆ ਗਿਆ ਸੀ, ਪਰ ਉਹ ਫ਼ਰਾਰ ਹੋ ਚੁੱਕਾ ਸੀ ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।