ਇਮਾਰਤਾਂ ਡਿੱਗਣ ਕਾਰਨ ਮਹਿਲਾ ਤੇ ਬੱਚੀ ਦੀ ਮੌਤ
ਜਗਤਾਰ ਸਿੰਘ ਲਾਂਬਾ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਮਗਰੋਂ ਅੱਜ ਇੱਥੇ ਤਿੰਨ ਵੱਖ-ਵੱਖ ਥਾਵਾਂ ’ਤੇ ਇਮਾਰਤਾਂ ਡਿੱਗੀਆਂ ਹਨ ਅਤੇ ਮਲਬੇ ਹੇਠਾਂ ਆਉਣ ਕਾਰਨ ਇੱਕ ਔਰਤ ਅਤੇ ਇੱਕ ਬੱਚੀ ਦੀ ਮੌਤ ਹੋ ਗਈ ਹੈ। ਸ਼ਹਿਰੀ ਇਲਾਕੇ ਵਿੱਚ ਦੋ ਇਮਾਰਤਾਂ ਡਿੱਗੀਆਂ, ਜਿਸ ਕਾਰਨ ਔਰਤ ਦੀ ਮੌਤ ਹੋ ਗਈ, ਇਸੇ ਤਰ੍ਹਾਂ ਦਿਹਾਤੀ ਖੇਤਰ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਉੱਥੇ 12 ਸਾਲਾ ਬੱਚੀ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਤ ਵੇਲੇ ਖੂਹ ਸੁਨਿਆਰਿਆਂ ਇਲਾਕੇ ਵਿੱਚ ਇੱਕ ਇਮਾਰਤ ਡਿੱਗ ਗਈ, ਇਹ ਇਮਾਰਤ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ। ਇੱਥੇ ਇਮਾਰਤ ਰਾਤ ਵੇਲੇ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੌਰਾਨ ਦੁਪਹਿਰ ਵੇਲੇ ਮੀਂਹ ਮਗਰੋਂ ਕਟੜਾ ਜੈਮਲ ਸਿੰਘ ਨੇੜੇ ਇੱਕ ਗਲੀ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਵਿੱਚ ਇੱਕ ਬਜ਼ੁਰਗ ਔਰਤ ਮਲਬੇ ਹੇਠਾਂ ਦਬ ਗਈ। ਹਸਪਤਾਲ ਲੈ ਜਾਣ ’ਤੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੀ ਪਛਾਣ ਪ੍ਰਵੀਨ ਕੁਮਾਰੀ ਵਜੋਂ ਹੋਈ ਹੈ। ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਘਟਨਾ ਵਿੱਚ ਜ਼ਖ਼ਮੀ ਹੋਏ ਪਰਿਵਾਰਿਕ ਮੈਂਬਰਾਂ ਦਾ ਹਾਲ ਪੁੱਛਣ ਲਈ ਹਸਪਤਾਲ ਗਏ ਸਨ।
ਗੁਰਦੁਆਰਾ ਥੰਮ੍ਹ ਸਾਹਿਬ ’ਚ ਕਿਲਾ ਕੋਠੀ ਦੀ ਕੰਧ ਡਿੱਗੀ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਇੱਥੇ ਗੁਰੂ ਅਰਜਨ ਦੇਵ ਦੇ ਗੁਰਦੁਆਰਾ ਥੰਮ੍ਹ ਸਾਹਿਬ ਦੇ ਨਾਲ ਲੱਗਦੀ ਕਿਲਾ ਕੋਠੀ ਦੀ ਕੰਧ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਡਿੱਗ ਗਈ ਹੈ। ਕੰਧ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੁਰਦੁਆਰੇ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਦਦ ਦਾ ਭਰੋਸਾ ਦਿੱਤਾ। ਗੁਰਦੁਆਰੇ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਕੰਧ ਡਿੱਗਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ।