ਧੌਲਰਾਂ ਪੇਪਰ ਮਿੱਲ ਦਾ ਮਾਮਲਾ ਲੋਕ ਸਭਾ ’ਚ ਚੁੱਕਾਂਗਾ: ਚੰਨੀ
ਸੰਜੀਵ ਬੱਬੀ
ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰਦੁਆਰਾ ਜੰਡ ਸਾਹਿਬ ਵਿੱਚ ਚਮਕੌਰ ਸਾਹਿਬ ਮੋਰਚੇ ਅਤੇ ਇਲਾਕਾ ਵਾਸੀਆਂ ਨਾਲ ਮੀਟਿੰਗ ਕੀਤੀ। ਮਗਰੋਂ ਉਨ੍ਹਾਂ ਪਿੰਡ ਧੌਲਰਾਂ ਵਿੱਚ ਲੱਗ ਰਹੀ ਪੇਪਰ ਮਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਇਸ ਮਿੱਲ ਨੂੰ ਚਮਕੌਰ ਸਾਹਿਬ ਦੀ ਧਰਤੀ ਨੂੰ ਗੰਧਲਾ ਕਰਨ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੇਪਰ ਮਿੱਲ ਨੂੰ ਜਾਰੀ ਕੀਤੇ ਗਏ ਇਤਰਾਜ਼ਹੀਣਤਾ ਅਤੇ ਕਲੀਅਰੈਂਸ ਸਰਟੀਫਿਕੇਟਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਲੋਕ ਸਭਾ ਵਿੱਚ ਵੀ ਉਠਾਉਣਗੇ। ਸ੍ਰੀ ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਮੋਰਚੇ ਦੀ ਟੀਮ 2018 ਤੋਂ ਹੀ ਪੇਪਰ ਮਿੱਲ ਵਿਰੁੱਧ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕਰਦੀ ਆ ਰਹੀ ਹੈ। ਇਸ ਕਾਰਨ 7 ਸਾਲਾਂ ਦੇ ਸਮੇਂ ਦੌਰਾਨ ਵੀ ਇਹ ਪੇਪਰ ਮਿੱਲ ਚਾਲੂ ਨਹੀਂ ਹੋ ਸਕੀ। ਉਨ੍ਹਾਂ ਮੋਰਚੇ ਦੀ ਸਮੁੱਚੀ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਪੇਪਰ ਮਿੱਲ ਦੇ ਵਿਰੋਧ ਵਿੱਚ ਮੋਰਚੇ ਨਾਲ ਡੱਟ ਕੇ ਪਹਿਰਾ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਜਨਤਕ ਸੁਣਵਾਈ ਦੌਰਾਨ ਪੂਰਾ ਹਲਕਾ ਹੀ ਇਸ ਮਿੱਲ ਦੇ ਲੱਗਣ ਦੀ ਵਿਰੋਧਤਾ ਕਰ ਚੁੱਕਿਆ ਹੈ ਤਾਂ ਮਿੱਲ ਮਾਲਕਾਂ ਤੇ ਸਰਕਾਰ ਨੂੰ ਇਸ ਮਿੱਲ ਨੂੰ ਇੱਥੇ ਸਥਾਪਿਤ ਕਰਨ ਦੀ ਜਿੱਦ ਛੱਡ ਦੇਣੀ ਚਾਹੀਦੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ਮਿੱਲ ਦੇ ਲੱਗਣ ਨਾਲ ਜਿੱਥੇ ਸ਼ਹੀਦਾਂ ਦੀ ਪਵਿੱਤਰ ਧਰਤੀ ਦਾ ਵਾਤਾਵਰਨ ਗੰਧਲਾ ਹੋਵੇਗਾ, ਉੱਥੇ ਹੀ ਇਸ ਮਿੱਲ ਵੱਲੋਂ ਰੋਜ਼ਾਨਾ ਵਰਤੇ ਜਾਣ ਵਾਲੇ ਲੱਖਾਂ ਟਨ ਪਾਣੀ ਨੂੰ ਮੁੜ ਬੁੱਢਾ ਦਰਿਆ ਵਿੱਚ ਪਾਉਣ ਨਾਲ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਵੀ ਪ੍ਰਦੂਸ਼ਿਤ ਹੋਵੇਗਾ।
ਸ੍ਰੀ ਚੰਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪੇਪਰ ਮਿੱਲ ਸਬੰਧੀ ਲੋਕ ਸਭਾ ਦੇ ਸਕੱਤਰ ਨੂੰ ਪੱਤਰ ਭੇਜਿਆ ਹੋਇਆ ਹੈ ਪਰ ਲੋਕ ਸਭਾ ਦੇ ਨਾ ਚੱਲਣ ਕਾਰਨ ਇਸ ਸਬੰਧੀ ਸਵਾਲ ਲੱਗ ਨਹੀਂ ਸਕੇ। ਇਸ ਮੌਕੇ ਮੋਰਚੇ ਦੇ ਆਗੂ ਖੁਸ਼ਵਿੰਦਰ ਸਿੰਘ, ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸਾ, ਜੁਝਾਰ ਸਿੰਘ, ਯੂਥ ਆਗੂ ਲਖਬੀਰ ਸਿੰਘ ਹਾਫਿਜ਼ਾਬਾਦ, ਤਾਰਾ ਸਿੰਘ, ਇਕਬਾਲ ਸਿੰਘ, ਰਮਨ ਸਿੰਘ, ਗੁਰਜੰਟ ਸਿੰਘ, ਸੁਰਿੰਦਰ ਸਿੰਘ ਅਤੇ ਗੱਬਰ ਸਿੰਘ ਹਾਜ਼ਰ ਸਨ।