ਤਰਨ ਤਾਰਨ ਜ਼ਿਮਨੀ ਚੋਣ ’ਚ ਵਿਰੋਧੀਆਂ ਨਾਲ ਕਬੱਡੀ ਖੇਡਾਂਗੇ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਕਤਸਰ ਸ਼ਹਿਰ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ 138 ਕਰੋੜੀ ਪ੍ਰਾਜੈਕਟਾਂ ’ਤੇ ਨੀਂਹ ਪੱਥਰ ਰੱਖੇ। ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਤਰਨ ਤਾਰਨ ਦੀ ਜ਼ਿਮਨੀ ਚੋਣ ’ਤੇ ਲੱਗਿਆ ਹੋਇਆ ਹੈ ਅਤੇ ਉਹ ਵਾਰ-ਵਾਰ ਕਹਿੰਦੇ ਰਹੇ ਕਿ ਹੁਣ ਤਰਨ ਤਾਰਨ ਜਾ ਕੇ ਦੂਜੀਆਂ ਪਾਰਟੀਆਂ ਨਾਲ ਕਬੱਡੀ ਪਾਉਣੀ ਹੈ ਜਦਕਿ ਪਹਿਲਾਂ ਉਹ ਅਕਸਰ ਕਿੱਕਲੀ ਪਾਉਣਾ ਕਹਿੰਦੇ ਹੁੰਦੇ ਸਨ। ਸ੍ਰੀ ਮਾਨ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚੋਂ ਗੋਲਕਾਂ ਚੁੱਕ ਦਿੱਤੀਆਂ ਜਾਣ ਤਾਂ ਸ਼੍ਰੋਮਣੀ ਕਮੇਟੀ ਦੇ 90 ਪ੍ਰਤੀਸ਼ਤ ਮੈਂਬਰ ਅਸਤੀਫ਼ੇ ਦੇ ਦੇਣਗੇ। ਨਾਭਾ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਦੇ ਹੱਕ ਵਿੱਚ ਆਉਣ ਵਾਲੇ ਵਿਰੋਧ ਧਿਰਾਂ ਦੇ ਆਗੂਆਂ ਉੱਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਆਗੂ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੋਵੇ, ਉਸ ਦੇ ਹੱਕ ਵਿੱਚ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੇ ਖੁੱਲ੍ਹ ਕੇ ਬਿਆਨਬਾਜ਼ੀ ਕਰਦੇ ਰਹੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਸ਼ੱਕੀ ਰਿਕਾਰਡ ਹੈ ਅਤੇ ਉਹ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਧੋਖਾ ਦਿੰਦੇ ਆਏ ਹਨ ਅਤੇ ਹਮੇਸ਼ਾ ਪੰਜਾਬ ਵਿਰੋਧੀ ਤਾਕਤਾਂ ਭਾਵੇਂ ਉਹ ਮੁਗਲ, ਅੰਗਰੇਜ਼, ਕਾਂਗਰਸ ਜਾਂ ਭਾਜਪਾ ਹੋਵੇ, ਨਾਲ ਖੜ੍ਹੇ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਮੁਕਤਸਰ ਵਿੱਚ ਵਿਕਾਸ ਪ੍ਰਾਜੈਕਟ ਪੰਜਾਬ ਸਰਕਾਰ ਵੱਲੋਂ ਅੰਮ੍ਰਿਤ ਪ੍ਰਾਜੈਕਟ ਅਧੀਨ ਤਿਆਰ ਕੀਤੇ ਜਾ ਰਹੇ ਹਨ।
ਵਕੀਲਾਂ ਵੱਲੋਂ ਮੁੱਖ ਮੰਤਰੀ ਦੀ ਫੇਰੀ ਦਾ ਵਿਰੋਧ, ਕਾਲੀਆਂ ਝੰਡੀਆਂ ਦਿਖਾਈਆਂ਼
ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਕਤਸਰ ਆਮਦ ਮੌਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਵਿਖਾਈਆਂ। ਵਕੀਲ ਪੁਲੀਸ ਦੇ ਤਿੰਨ ਅੜਿੱਕੇ ਤੋੜ ਕੇ ਸਟੇਡੀਅਮ ਦੇ ਬਿਲਕੁਲ ਨੇੜੇ ਪੁੱਜ ਗਏ ਸਨ ਜਿਥੇ ਮੁੱਖ ਮੰਤਰੀ ਨੇ ਸੀਵਰੇਜ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਸੀ। ਸਟੇਡੀਅਮ ਦੇ ਨੇੜੇ ਇਸ ਰਜਬਾਹੇ ਦੇ ਪੁਲ ’ਤੇ ਪੁਲੀਸ ਨੇ ਵਕੀਲਾਂ ਨੂੰ ਕਰੀਬ ਚਾਰ ਘੰਟੇ ਰੋਕੀ ਰੱਖਿਆ। ਇਸ ਦੌਰਾਨ ਪੁਲੀਸ ਨੂੰ ਵੀ ਭਾਜੜਾ ਪਈਆਂ ਰਹੀਆਂ ਤੇ ਮਾਹੌਲ ਤਣਾਅ ਪੂਰਨ ਬਣਿਆ ਰਿਹਾ। ਦੱਸਣਯੋਗ ਹੈ ਕਿ ਮੁਕਤਸਰ ਲਾਗਲੇ ਪਿੰਡ ਜਵਾਹਰੇਵਾਲਾ ਵਿਖੇ 29 ਅਕਤੂਬਰ ਨੂੰ ਦੋ ਧੜਿਆਂ ਵਿਚਕਾਰ ਲੜਾਈ ਹੋਈ ਸੀ ਜਿਸ ਸਬੰਧੀ ਥਾਣਾ ਸਦਰ ’ਚ ਕਰਾਸ ਮੁਕੱਦਮਾ ਦਰਜ ਕੀਤਾ ਗਿਆ ਸੀ। ਹੁਣ ਇਸ ਮੁਕੱਦਮੇ ’ਚ ਸ਼ਾਮਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਉਸ ਦੇ ਸਾਥੀਆਂ ਖਿਲਾਫ ਦਰਜ ਕੇਸ ਨੂੰ ਝੂਠਾ ਦੱਸਦਿਆਂ ਬਾਰ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਐਡਵੋਕੇਟ ਸੰਧੂ ਖਿਲਾਫ ਲਾਏ ਕਥਿਤ ਝੂਠੇ ਦੋਸ਼ ਰੱਦ ਕੀਤੇ ਜਾਣ। ਪੁਲੀਸ ਪ੍ਰਸ਼ਾਸਨ ਨੇ ਬਾਰ ਦੇ 11 ਮੈਂਬਰੀ ਵਫ਼ਦ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਪਰ ਵਫ਼ਦ ਦੀ ਮੁੱਖ ਮੰਤਰੀ ਨਾਲ ਬੈਠਕ ਨਾ ਹੋ ਸਕੀ ਜਿਸ ਕਰਕੇ ਵਕੀਲਾਂ ’ਚ ਰੋਸ ਹੋਰ ਵੱਧ ਗਿਆ। ਬਾਰ ਦੇ ਸੈਕਟਰੀ ਐਡਵੋਕੇਟ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਵਕੀਲ ਸ਼ਾਂਤਮਈ ਤਰੀਕੇ ਨਾਲ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਇਸ ਦੌਰਾਨ ਪੁਲੀਸ ਵੱਲੋਂ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਗਈ ਜਿਸ ਨਾਲ ਇਕ ਵਕੀਲ ਦੇ ਸੱਟ ਵੱਜੀ। ਇਸ ਦੌਰਾਨ ਐਸ ਡੀ (ਡੀ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਝਗੜਾ ਪਿੰਡ ਚੱਕ ਅਟਾਰੀ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਵਿਚਕਾਰ ਦਾਣਾ ਮੰਡੀ ਜਵਾਹਰੇਵਾਲਾ ਵਿਖੇ ਹੋਇਆ ਜਿਸ ਸਬੰਧੀ ਮੁਕਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਵੀ ਬਾਰ ਐਸੋਸੀਏਸ਼ਨ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ।
