ਰਾਵੀ ਦਾ ਪਾਣੀ ਪਾਕਿਸਤਾਨ ਨਹੀਂ ਜਾਣ ਦਿਆਂਗੇ: ਕਟਾਰੂਚੱਕ
ਐੱਨਪੀ ਧਵਨ
ਪਠਾਨਕੋਟ, 13 ਜੁਲਾਈ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਿੰਦ-ਪਾਕਿਸਤਾਨ ਸਰਹੱਦ ਨਾਲ ਲੱਗਦੇ ਉੱਝ ਦਰਿਆ ਅਤੇ ਜਲਾਲੀਆ ਨਾਲੇ ਦੇ ਖੇਤਰਾਂ ਦਾ ਦੌਰਾ ਕੀਤਾ ਅਤੇ ਉੱਥੇ ਕੀਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਨੁਸਾਰ ਇਸ ਵਾਰ ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਪਿੰਡ ਮੀਰਚੱਕ, ਸਮਰਾਲਾ, ਬਮਿਆਲ ਤੇ ਮਨਵਾਲ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਕਸਰ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਰਹੱਦ ਨਾਲ ਲੱਗਦੇ ਇਹ ਪਿੰਡ ਹੜ੍ਹ ਦੇ ਪਾਣੀ ਵਿੱਚ ਡੁੱਬ ਜਾਂਦੇ ਸਨ ਤਾਂ ਸਰਕਾਰਾਂ ਦੇ ਆਗੂ ਲੋਕਾਂ ਦਾ ਹਾਲ ਪੁੱਛਣ ਲਈ ਪਹੁੰਚ ਜਾਂਦੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਸੰਭਾਵਿਤ ਖੇਤਰਾਂ ਅੰਦਰ ਅਗੇਤੇ ਪ੍ਰਬੰਧ ਕਰਨ ਲਈ ਪਹਿਲਾਂ ਹੀ ਆਦੇਸ਼ ਦਿੱਤੇ ਗਏ ਹਨ। ਇਸ ਤਹਿਤ ਕਰੀਬ 1.50 ਕਰੋੜ ਰੁਪਏ ਦੀ ਲਾਗਤ ਨਾਲ ਉੱਝ ਦਰਿਆ ਕੰਢੇ ਪੱਥਰਾਂ ਦਾ ਜਾਲ ਵਿਛਾਇਆ ਗਿਆ ਹੈ ਤਾਂ ਜੋ ਸੰਭਾਵਿਤ ਹੜ੍ਹਾਂ ਤੋਂ ਪਿੰਡ ਮੀਰਚੱਕ, ਸਮਰਾਲਾ, ਬਮਿਆਲ, ਮਨਵਾਲ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅੱਜ ਤੱਕ ਪਾਣੀ ਦਾ ਪੱਧਰ 505.50 ਮੀਟਰ ਹੈ। 20 ਵਰਗ ਕਿਲੋਮੀਟਰ ਲੰਬਾਈ-ਚੌੜਾਈ ਵਾਲੀ ਇਸ ਝੀਲ ਵਿੱਚ ਪਾਣੀ 525 ਮੀਟਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਇਸ ਝੀਲ ਵਿੱਚ ਪਾਣੀ ਨੂੰ ਸਟੋਰ ਕਰਨ ਦੀ ਸਮਰੱਥਾ ਅਜੇ ਬਾਕੀ ਹੈ। ਇਸ ਤੋਂ ਇਲਾਵਾ ਨਿਰਮਾਣ ਅਧੀਨ ਸ਼ਾਹਪੁਰਕੰਢੀ ਡੈਮ ਦੀ ਝੀਲ ਵਿੱਚ ਵੀ ਇਸ ਵਾਰ ਪਾਣੀ ਸਟੋਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਰਾਵੀ ਦਰਿਆ ਦਾ ਪਾਣੀ ਪੂਰੀ ਤਰ੍ਹਾਂ ਬੰਨ੍ਹ ਲਿਆ ਗਿਆ ਹੈ ਤੇ ਹੜ੍ਹਾਂ ਮੌਕੇ ਪਾਕਿਸਤਾਨ ਨੂੰ ਨਹੀਂ ਜਾ ਸਕੇਗਾ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫ਼ੌਜੀ, ਬਮਿਆਲ ਦੇ ਸਰਪੰਚ ਮੁਨੀਸ਼ ਗੁਪਤਾ, ਮਨਵਾਲ ਦੇ ਸਰਪੰਚ ਸੰਦੀਪ, ਮਝੀਰੀ ਦੇ ਸਰਪੰਚ ਹਰਦੀਪ, ਮੀਰਚੱਕ ਦੇ ਸਰਪੰਚ ਦਵਿੰਦਰ ਸਿੰਘ, ਸੁਰਿੰਦਰ ਮਹਾਜਨ ਆਦਿ ਆਗੂ ਵੀ ਹਾਜ਼ਰ ਸਨ।