ਕਿਸਾਨਾਂ ਦੀ ਇੰਚ ਜ਼ਮੀਨ ਵੀ ਖੋਹਣ ਨਹੀਂ ਦਿਆਂਗੇ: ਸੁਖਬੀਰ ਬਾਦਲ
ਕਰਮਜੀਤ ਸਿੰਘ ਚਿੱਲਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਫੇਜ਼ ਅੱਠ ਵਿੱਚ ਸਥਿਤ ਗਮਾਡਾ ਦਫ਼ਤਰ ਦੇ ਸਾਹਮਣੇ ਨਵੀਂ ਲੈਂਡ ਪੂਲਿੰਗ ਨੀਤੀ ਵਿਰੁੱਧ ਲਗਾਏ ਗਏ ਪਾਰਟੀ ਦੇ ਧਰਨੇ ਨੂੰ ਸੰਬੋਧਨ ਕੀਤਾ। ਮੁਹਾਲੀ, ਰੂਪਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਅਕਾਲੀ ਵਰਕਰਾਂ ਅਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀ ਇੱਕ ਇੰਚ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਖੋਹਣ ਦੇਣਗੇ। ਉਨ੍ਹਾਂ ਕਿਹਾ ਕਿ ਅਫ਼ਸਰਾਂ ਨੂੰ ਵੀ ਜ਼ਮੀਨ ਪ੍ਰਾਪਤੀ ਸਬੰਧੀ ਮਾਮਲਿਆਂ ਉੱਤੇ ਧਿਆਨ ਨਾਲ ਹਸਤਾਖ਼ਰ ਕਰਨੇ ਚਾਹੀਦੇ ਹਨ, ਕਿਉਂਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਸ੍ਰੀ ਬਾਦਲ ਨੇ ਕਿਹਾ ਕਿ ਦਿੱਲੀ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਆਏ ਹਨ, ਇਨ੍ਹਾਂ ਦਾ ਨਿਸ਼ਾਨਾ ਸਿਰਫ਼ ਚਾਲੀ ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਨਾ ਨਹੀਂ ਹੈ, ਇਹ ਤਾਂ ਇੱਕ ਲੱਖ ਏਕੜ ਤੋਂ ਵੱਧ ਜ਼ਮੀਨ ਖੋਹਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਮੰਤਵ ਕਿਸਾਨਾਂ ਦੀਆਂ ਜ਼ਮੀਨਾਂ ਤੋਂ 25-30 ਹਜ਼ਾਰ ਕਰੋੜ ਰੁਪਏ ਹੜੱਪ ਕਰਨਾ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਾਨੂੰਨੀ ਤੌਰ ’ਤੇ ਵੀ ਸਹੀ ਨਹੀਂ ਹੈ। ਜ਼ਮੀਨ ਹਾਸਲ ਕਰਨ ਤੋਂ ਪਹਿਲਾਂ ਪਬਲਿਕ ਅਸੈੱਸਮੈਂਟ, ਇਨਵਾਇਰਮੈਂਟਲ ਸਰਵੇਖਣ, ਸੋਸ਼ਲ ਇੰਪੈਕਟ ਸਟੱਡੀ ਵੀ ਨਹੀਂ ਕੀਤੀ ਗਈ। ਸੁਖਬੀਰ ਬਾਦਲ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜ਼ਮੀਨ ਲੈਣ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਮੁੱਖ ਮੰਤਰੀ, ਵਿਭਾਗ ਦਾ ਮੰਤਰੀ ਤੇ ਸਕੱਤਰ ਸ਼ਾਮਲ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਦੇ ਨਾਲ ਚਾਰ ਮੈਂਬਰ ਬਾਹਰੋਂ ਲਿਆ ਕੇ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਫ਼ਸਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਤਾਂ 2027 ਵਿੱਚ ਸੱਤਾ ਤੋਂ ਬਾਹਰ ਹੋ ਜਾਵੇਗੀ ਤੇ ਦਸਤਖ਼ਤ ਕਰਨ ਵਾਲੇ ਅਫ਼ਸਰਾਂ ਦੀ ਜਵਾਬਦੇਹੀ ਜ਼ਰੂਰ ਤੈਅ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਿਕਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ, ਨਿਊ ਚੰਡੀਗੜ੍ਹ ਦਾ ਵਿਕਾਸ ਵੀ ਉਨ੍ਹਾਂ ਦੀ ਸਰਕਾਰ ਵੇਲੇ ਹੋਇਆ ਸੀ। ਚੰਡੀਗੜ੍ਹ ਨੂੰ ਸਾਰੇ ਪਾਸਿਓਂ ਚਾਰ ਅਤੇ ਛੇ ਮਾਰਗੀ ਸੜਕਾਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੋ ਕਿਹਾ ਹੈ, ਉਹ ਕੀਤਾ ਹੈ, ਬਿਜਲੀ ਸਰਪਲੱਸ ਕੀਤੀ, ਸੜਕਾਂ ਅਜਿਹੀਆਂ ਬਣਾਈਆਂ ਕਿ ਬੰਬ ਨਾਲ ਵੀ ਨਹੀਂ ਟੁੱਟ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਂ ਪਾਣੀ ਵਿੱਚ ਬੱਸ ਵੀ ਚਲਾ ਦਿੱਤੀ ਸੀ।
ਉਨ੍ਹਾਂ ਭਰਵੇਂ ਇਕੱਠ ਤੋਂ ਖੁਸ਼ ਹੁੰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਜੋਸ਼ ਭਰ ਗਿਆ ਹੈ ਤੇ ਚਾਰ ਅਗਸਤ ਨੂੰ ਬਠਿੰਡਾ ਵਿੱਚ ਵੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੈਲੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਧਰਨੇ ਨੂੰ ਡਾ. ਦਲਜੀਤ ਸਿੰਘ ਚੀਮਾ, ਨਰਿੰਦਰ ਕੁਮਾਰ ਸ਼ਰਮਾ, ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਚਰਨਜੀਤ ਸਿੰਘ ਕਾਲੇਵਾਲ, ਕੁਲਦੀਪ ਕੌਰ ਕੰਗ, ਹਰਜੀਤ ਸਿੰਘ ਸੀਏ, ਬਲਜੀਤ ਸਿੰਘ ਭੁੱਟਾ, ਦਰਸ਼ਨ ਸਿੰਘ ਦੁਰਾਲੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੋਹਣ ਸਿੰਘ ਠੰਡਲ, ਅਮਰਜੀਤ ਸਿੰਘ ਚਾਵਲਾ, ਸਮਸ਼ੇਰ ਪੁਰਖਾਲਵੀ, ਜਸਵਿੰਦਰ ਸਿੰਘ ਜੱਸੀ, ਬਲਜੀਤ ਸਿੰਘ ਦੈੜੀ, ਹਰਵਿੰਦਰ ਸਿੰਘ ਨੰਬਰਦਾਰ, ਬਿਕਰਮਜੀਤ ਸਿੰਘ ਗੀਗੇਮਾਜਰਾ, ਪਰਮਜੀਤ ਸਿੰਘ ਕਾਹਲੋਂ, ਰਵਿੰਦਰ ਸਿੰਘ ਖੇੜਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ। ਸੁਖਬੀਰ ਬਾਦਲ ਨੇ ਭਾਸ਼ਣ ਦੇ ਅਖੀਰ ਵਿੱਚ ਪੁਆਧੀ ਬੋਲਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ,‘‘ਥਾਅਰਾ ਕਿਆ ਹਾਲ ਐ? ਥਮੇ ਮੇਰੀ ਮਦਦ ਕਰੂੰਗੇ? ਹੁਣ ਚੱਕ ਦਿਉ ਫੱਟੇ।’