ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨਾਂ ਦੀ ਇੰਚ ਜ਼ਮੀਨ ਖੋਹਣ ਨਹੀਂ ਦਿਆਂਗੇ: ਜਾਖੜ

ਭਾਜਪਾ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰਾਜਪਾਲ ਨਾਲ ਮੁਲਾਕਾਤ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 4 ਜੁਲਾਈ

Advertisement

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਿਤ ਲੁਧਿਆਣਾ ਜ਼ਿਲ੍ਹੇ ਦੇ ਕਿਸਾਨਾਂ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਆਗੂ ਤਰੁਨ ਚੁੱਘ ਅਤੇ ਸੂਬਾਈ ਆਗੂ ਵਿਨੀਤ ਜੋਸ਼ੀ ਵੀ ਮੌਜੂਦ ਸਨ। ਸ੍ਰੀ ਜਾਖੜ ਨੇ ਰਾਜਪਾਲ ਨਾਲ ਮਿਲਣੀ ਮਗਰੋਂ ਕਿਹਾ ਕਿ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਲ ਕਿਸਾਨਾਂ ਦੀ ਜਬਰੀ ਜ਼ਮੀਨ ਖੋਹਣ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਪੰਜਾਬ ਦੇ ਕਿਸਾਨਾਂ ਦੀ ਇੱਕ ਇੰਚ ਜ਼ਮੀਨ ਵੀ ਖੋਹਣ ਨਹੀਂ ਦਿੱਤੀ ਜਾਵੇਗੀ ਅਤੇ ਇਸ ਲਈ ਭਾਜਪਾ ਅੰਦੋਲਨ ਕਰੇਗੀ। ਸ੍ਰੀ ਜਾਖੜ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਹੈ ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ 35 ਪਿੰਡਾਂ ਵਿਚੋਂ 22 ਪਿੰਡਾਂ ਦੇ ਮਤੇ ਪ੍ਰਾਪਤ ਹੋ ਗਏ ਹਨ ਅਤੇ 631 ਪ੍ਰਭਾਵਿਤ ਕਿਸਾਨਾਂ ਨੇ ਹਲਫ਼ੀਆ ਬਿਆਨ ਵੀ ਦੇ ਦਿੱਤੇ ਹਨ। ਇਸ ਨੀਤੀ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ ਅਤੇ ਜਲਦ ਇਸ ਨੂੰ ਦਾਇਰ ਕੀਤਾ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਦੇ ਖ਼ਸਰਾ ਨੰਬਰ ਨੋਟੀਫ਼ਿਕੇਸ਼ਨ ਵਿੱਚ ਆ ਚੁੱਕੇ ਹਨ, ਉਹ ਕਿਸਾਨ ਹੁਣ ਆਪਣੀ ਜ਼ਮੀਨ ਨਾ ਤਾਂ ਵੇਚ ਸਕਣਗੇ ਅਤੇ ਨਾ ਹੀ ਉਸ ਜ਼ਮੀਨ ਨੂੰ ਕਰਜ਼ ਆਦਿ ’ਚ ਗਿਰਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਹੁਣ ਰਜਿਸਟਰੀ ਵੀ ਨਹੀਂ ਹੋ ਸਕੇਗੀ। ਇਹ ਕਦਮ ਜ਼ਮੀਨਾਂ ਨੂੰ ਜਬਰੀ ਖੋਹਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਜ਼ਮੀਨ ਨੂੰ ਅੱਗੇ ਵੱਡੇ ਡਿਵੈਲਪਰਾਂ ਨੂੰ ਵੇਚੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਡਿਵੈਲਪਰ ਸੋਚ ਸਮਝ ਕੇ ਇਨ੍ਹਾਂ ਜ਼ਮੀਨਾਂ ਨੂੰ ਹੱਥ ਪਾਉਣ ਕਿਉਂਕਿ ‘ਆਪ’ ਸਰਕਾਰ ਦਾ ਬਿਸਤਰਾ ਗੋਲ ਹੋਣ ਵਿੱਚ ਡੇਢ ਸਾਲ ਦਾ ਹੀ ਸਮਾਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਪਹਿਰੇਦਾਰੀ ਭਾਜਪਾ ਕਰੇਗੀ। ਇਸ ਮੌਕੇ ਤਰੁਨ ਚੁੱਘ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਹ ਨੀਤੀ ਲਿਆ ਕੇ ਲੈਂਡ ਮਾਫ਼ੀਏ ਦੇ ਹੱਥ ਮਜ਼ਬੂਤ ਕੀਤੇ ਹਨ।

ਭੌਂ ਪ੍ਰਾਪਤੀ ਐਕਟ ਤਹਿਤ ਕਿਸਾਨਾਂ ਦੀ ਸਹਿਮਤੀ ਲਾਜ਼ਮੀ ਕਰਾਰ

ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2013 ਵਿੱਚ ਭੌਂ ਪ੍ਰਾਪਤੀ ਲਈ ਜੋ ਐਕਟ ਬਣਾਇਆ ਗਿਆ ਸੀ, ਉਸ ਤਹਿਤ ਕਿਸਾਨਾਂ ਦੀ ਸਹਿਮਤੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੋਂ ਜਬਰੀ ਜ਼ਮੀਨ ਖੋਹਣ ਲਈ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਤਾਂ ਜੋ ਜ਼ਮੀਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਲਾਟ ਹੋਈ ਸੀ, ਉਸ ਨੂੰ ਵੀ ‘ਆਪ’ ਸਰਕਾਰ ਨੇ ਛੱਡਿਆ ਨਹੀਂ ਹੈ।

Advertisement