ਰਾਜ ਦਾ ਦਰਜਾ ਬਹਾਲ ਕਰਨ ਵਿੱਚ ਦੇਰੀ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਫਾਰੂਕ
ਅਨੰਤਨਾਗ, 21 ਜੂਨ
ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੇ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਵਿੱਚ ਜ਼ਿਆਦਾ ਦੇਰੀ ਹੋਈ ਤਾਂ ਉਨ੍ਹਾਂ ਦੀ ਪਾਰਟੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ’ਚ ਪਾਰਟੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਰੂਕ ਨੇ ਕਿਹਾ, ‘ਚੋਣਾਂ ਤੋਂ ਬਾਅਦ ਲੋਕ ਚਾਹੁੰਦੇ ਸਨ ਕਿ ਉਨ੍ਹਾਂ ਦੇ ਮੁੱਦੇ ਤੁਰੰਤ ਹੱਲ ਹੋ ਜਾਣ, ਪਰ ਰਾਜ ਦਾ ਦਰਜਾ (ਬਹਾਲ ਨਾ ਕੀਤਾ ਜਾਣਾ) ਸਾਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਹੈ। ਲੋਕਾਂ ਦੀਆਂ ਕਈ ਮੰਗਾਂ ਹਨ, ਜਿਵੇਂ ਕਿ ਉਹ ਚਾਹੁੰਦੇ ਹਨ ਕਿ ਉਹ (ਨੈਸ਼ਨਲ ਕਾਨਫਰੰਸ ਦੇ ਵਿਧਾਇਕ ਅਲਤਾਫ ਕਾਲੂ) ਮੰਤਰੀ ਬਣਨ, ਪਰ ਜਦੋਂ ਤੱਕ ਰਾਜ ਦਾ ਦਰਜਾ ਬਹਾਲ ਹੋਣ ਤੋਂ ਬਿਨਾਂ ਇਹ ਕਿਵੇਂ ਸੰਭਵ ਹੈ? ਉਨ੍ਹਾਂ ਕਿਹਾ, ‘ਅਸੀਂ ਉਡੀਕ ਕਰ ਰਹੇ ਹਾਂ, ਪਰ ਜੇ ਉਹ (ਕੇਂਦਰ) ਲੰਮਾ ਸਮਾਂ ਲੈਂਦੇ ਹਨ, ਤਾਂ ਸਾਡੇ ਕੋਲ ਸੁਪਰੀਮ ਕੋਰਟ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ।’ ਪਹਿਲਗਾਮ ਹਮਲੇ ਦਾ ਹਵਾਲਾ ਦਿੰਦਿਆਂ ਅਬਦੁੱਲਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਅਤੇ ਡਰੋਨ ਵਰਗੀ ਟੈਕਨਾਲੋਜੀ ਹੋਣ ਦੇ ਬਾਵਜੂਦ ਹਮਲਾਵਰ ਹਮਲਾ ਕਰਨ ’ਚ ਕਾਮਯਾਬ ਰਹੇ। ਉਨ੍ਹਾਂ ਕਿਹਾ, ‘ਅਸੀਂ ਹਾਲੇ ਤੱਕ ਹਮਲਾਵਰਾਂ ਦਾ ਪਤਾ ਨਹੀਂ ਲਾ ਸਕੇ। ਅਸੀਂ ਕਹਿੰਦੇ ਹਾਂ ਕਿ ਅਸੀਂ ਮਜ਼ਬੂਤ ਰਾਸ਼ਟਰ ਬਣ ਗਏ ਹਾਂ ਸਾਡਾ ਕੋਈ ਮੁਕਾਬਲਾ ਨਹੀਂ ਹੈ, ਪਰ ਅਸੀਂ ਉਨ੍ਹਾਂ ਚਾਰਾਂ ਨੂੰ ਨਹੀਂ ਲੱਭ ਸਕੇ।’ ਇਜ਼ਰਾਈਲ-ਇਰਾਨ ਟਕਰਾਅ ਬਾਰੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਕਿਹਾ ਕਿ ਉਹ ਅੱਲ੍ਹਾ ਅੱਗੇ ਦੁਆ ਕਰਦੇ ਹਨ ਕਿ ਉਹ ਦੋਵਾਂ ਦੇਸ਼ਾਂ ਨੂੰ ਯੁੱਧ ਰੋਕਣ ਲਈ ਬੁੱਧੀ ਦੇਵੇ। -ਪੀਟੀਆਈ