ਭਾਬੀ ਨਾਲ ਨਾਜਾਇਜ਼ ਸਬੰਧਾਂ ਕਾਰਨ ਪਤਨੀ ਦਾ ਕਤਲ
ਪੁਲੀਸ ਨੇ ਮੁਲਜ਼ਮ ਤੇ ਉਸ ਦੀ ਭਰਜਾਈ ਨੂੰ ਕੀਤਾ ਕਾਬੂ; ਵਾਰਦਾਤ ਵਿੱਚ ਵਰਤੀ ਦਾਤਰ ਵੀ ਬਰਾਮਦ
Advertisement
ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਸੰਘੇ ਖਾਲਸਾ ਵਿੱਚ ਇੰਦਰਜੀਤ ਸਿੰਘ ਨੇ ਭਾਬੀ ਨਾਲ ਕਥਿਤ ਨਾਜਾਇਜ਼ ਸਬੰਧਾਂ ਕਾਰਨ ਆਪਣੀ ਪਤਨੀ ਸੰਦੀਪ ਕੌਰ ਦਾ ਕਤਲ ਕਰ ਦਿੱਤਾ। ਨੂਰਮਹਿਲ ਦੀ ਪੁਲੀਸ ਨੇ 20 ਘੰਟਿਆਂ ਵਿੱਚ ਮੁਲਜ਼ਮ ਇੰਦਰਜੀਤ ਤੇ ਉਸ ਦੀ ਭਾਬੀ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਅਦਾਲਤ ਨੇ ਇੱਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਨੇ ਵਾਰਦਾਤ ਵਿੱਚ ਵਰਤੀ ਦਾਤਰ ਵੀ ਬਰਾਮਦ ਕਰ ਲਈ ਹੈ।
ਥਾਣਾ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ 10 ਸਤੰਬਰ ਨੂੰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਸੰਘੇ ਖਾਲਸਾ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ, ਜੋ ਇੰਦਰਜੀਤ ਸਿੰਘ ਦੀ ਪਤਨੀ ਹੈ। ਸੰਦੀਪ ਕੌਰ ਦੋ ਬੱਚਿਆਂ ਦੀ ਮਾਂ ਸੀ। ਸੰਦੀਪ ਦੇ ਪਿਤਾ ਮੁੱਖਾ ਰਾਮ, ਜੋ ਕਪੂਰਥਲਾ ਦੇ ਰਹਿਣ ਵਾਲੇ ਹਨ, ਨੇ ਆਪਣੇ ਜਵਾਈ ਇੰਦਰਜੀਤ ਸਿੰਘ ’ਤੇ ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਇੰਦਰਜੀਤ ਦੇ ਆਪਣੀ ਭਾਬੀ ਮਨਦੀਪ ਕੌਰ ਨਾਲ ਨਾਜਾਇਜ਼ ਸਬੰਧ ਸਨ। ਮਨਦੀਪ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਸ ਦੇ ਦੋ ਬੱਚੇ ਹਨ। ਸੰਦੀਪ ਤੇ ਇੰਦਰਜੀਤ ਵਿੱਚ ਇਸ ਕਾਰਨ ਕਾਫ਼ੀ ਝਗੜਾ ਹੁੰਦਾ ਸੀ। ਘਟਨਾ ਤੋਂ ਇਕ ਰਾਤ ਪਹਿਲਾਂ ਵੀ ਦੋਵਾਂ ਵਿਚਕਾਰ ਝਗੜਾ ਹੋਇਆ। ਜ਼ਿਕਰਯੋਗ ਹੈ ਕਿ ਸੰਦੀਪ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ।
Advertisement
Advertisement