ਭਾਗੀਵਾਂਦਰ ਨੇੜੇ ਸੜਕ ਹਾਦਸੇ ’ਚ ਪਤਨੀ ਹਲਾਕ; ਪਤੀ ਤੇ ਧੀ ਗੰਭੀਰ ਜ਼ਖ਼ਮੀ
ਮੀਂਹ ਦੌਰਾਨ ਬੇਕਾਬੂ ਹੋਈ ਕਾਰ ਦਰੱਖ਼ਤ ਨਾਲ ਟਕਰਾਈ
Advertisement
ਮੌਸਮ ਖਰਾਬ ਹੋਣ ਕਾਰਨ ਅੱਜ ਪੈ ਰਹੇ ਮੀਂਹ ਦੌਰਾਨ ਪਿੰਡ ਭਾਗੀਵਾਂਦਰ ਕੋਲ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ’ਚ ਸਵਾਰ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਅਤੇ ਪਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਠਿੰਡਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਮੰਡੀ ਕਾਲਾਂਵਾਲੀ ਵਾਸੀ ਸੰਦੀਪ ਕੁਮਾਰ ਆਪਣੀ ਪਤਨੀ ਨੀਸ਼ੂ ਅਤੇ ਧੀ ਦੀਯਾ ਨਾਲ ਆਪਣੀ ਮਾਰੂਤੀ ਆਲਟੋ ਕਾਰ ’ਤੇ ਸਵਾਰ ਹੋ ਕੇ ਵਾਇਆ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਕਿ ਭਾਗੀਵਾਂਦਰ ਪਿੰਡ ਕੋਲ ਇੱਕ ਵਾਹਨ ਨੂੰ ਓਵਰਟੇਕ ਸਮੇਂ ਮੀਂਹ ਕਾਰਨ ਚਾਲਕ ਤੋਂ ਕਾਰ ਬੇਕਾਬੂ ਹੋ ਕੇ ਕਿੱਕਰ ਨਾਲ ਜਾ ਟਕਰਾਈ। ਹਾਦਸੇ ਦੌਰਾਨ ਕਾਰ ਸਵਾਰ ਨੀਸ਼ੂ (37) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਉਸ ਦਾ ਪਤੀ ਸੰਦੀਪ ਕੁਮਾਰ ਅਤੇ ਧੀ ਦੀਯਾ (13) ਗੰਭੀਰ ਜ਼ਖ਼ਮੀ ਹੋ ਗਏ।
Advertisement
ਲੋਕਾਂ ਨੇ ਮੌਕੇ ’ਤੇ ਪੁੱਜੀ ਐਂਬੂਲੈਂਸ 108 ਰਾਹੀਂ ਸਾਰਿਆਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨੀਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ।ਸੰਦੀਪ ਅਤੇ ਧੀ ਦੀਯਾ ਨੂੰ ਮੁੱਢਲੀ ਸਹਾਇਤਾ ਦੇ ਦੇ ਕੇ ਗੰਭੀਰ ਹਾਲਤ ਦੇਖਦਿਆਂ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਤਲਵੰਡੀ ਸਾਬੋ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
Advertisement