ਕਿੱਧਰ ਜਾਈਏ: ਖੇਤ ਤਾਰ ਤੋਂ ਪਾਰ, ਗਾਰ ਦੀ ਵੱਡੀ ਮਾਰ
ਸਰਹੱਦੀ ਜ਼ਿਲ੍ਹਿਆਂ ਦੇ ਹਜ਼ਾਰਾਂ ਅਜਿਹੇ ਕਿਸਾਨ ਹਨ ਜਿਨ੍ਹਾਂ ਦੀ ਜ਼ਿੰਦਗੀ ਹੁਣ ਹੜ੍ਹਾਂ ਦੀ ਗਾਰ ’ਚ ਫਸ ਗਈ ਹੈ। ਉਨ੍ਹਾਂ ਲਈ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨਾ ਪਹਿਲਾਂ ਹੀ ਚੁਣੌਤੀ ਸੀ ਅਤੇ ਹੁਣ ਉਨ੍ਹਾਂ ਦੇ ਖੇਤਾਂ ’ਚ ਚੜ੍ਹੀ ਗਾਰ ਨਵੀਂ ਮੁਸੀਬਤ ਲੈ ਆਈ ਹੈ। ਪੰਜਾਬ ਦੇ ਆਮ ਪਿੰਡਾਂ ਦੇ ਖੇਤਾਂ ’ਚ ਤਾਂ ਕਿਸਾਨ ਗਾਰ ਕੱਢਣ ’ਚ ਜੁਟੇ ਹੋਏ ਹਨ ਪਰ ਜਿਨ੍ਹਾਂ ਕਿਸਾਨਾਂ ਦੇ ਕੰਡਿਆਲੀ ਤਾਰ ਤੋਂ ਪਾਰ ਖੇਤ ਹਨ, ਉਨ੍ਹਾਂ ਲਈ ਗਾਰ ਕੱਢਣੀ ਸੌਖੀ ਨਹੀਂ। ਛੇ ਸਰਹੱਦੀ ਜ਼ਿਲ੍ਹਿਆਂ ਦੇ 17 ਹਜ਼ਾਰ ਕਿਸਾਨ ਤਾਰ ਤੋਂ ਪਾਰ ਕਰੀਬ 21,300 ਏਕੜ ਰਕਬੇ ’ਚ ਖੇਤੀ ਕਰਦੇ ਹਨ। ਰਾਵੀ ਦਰਿਆ ਅਤੇ ਸਤਲੁਜ ਨੇ ਇਨ੍ਹਾਂ ਕਿਸਾਨਾਂ ਦੇ ਖੇਤਾਂ ’ਚ ਗਾਰ ਚੜ੍ਹਾ ਦਿੱਤੀ ਹੈ। ਗੁਰਦਾਸਪੁਰ ਦੇ ਪਿੰਡ ਥੱਪਣ ਦੇ ਕਿਸਾਨ ਗੁਰਦੀਪ ਸਿੰਘ ਦੀ 15 ਏਕੜ ਜ਼ਮੀਨ ਤਾਰ ਤੋਂ ਪਾਰ ਹੈ। ਉਸ ਦਾ ਖੇਤ ਵਿਚਲਾ ਸੋਲਰ ਪੰਪ ਪਾਣੀ ’ਚ ਰੁੜ੍ਹ ਗਿਆ ਅਤੇ ਸਾਰੀ ਜ਼ਮੀਨ ’ਚ ਰੇਤ ਚੜ੍ਹ ਗਈ। ਉਸ ਦਾ ਕਹਿਣਾ ਹੈ ਕਿ ਰੇਤ ਨੂੰ ਬੀ ਐੱਸ ਐੱਫ ਦੇ ਸੁਰੱਖਿਆ ਗੇਟਾਂ ਜ਼ਰੀਏ ਹੀ ਬਾਹਰ ਕੱਢਿਆ ਜਾ ਸਕਦਾ ਹੈ। ਇਵੇਂ ਫ਼ਿਰੋਜ਼ਪੁਰ ਦੇ ਪਿੰਡ ਪੱਲਾ ਦੇ ਕਿਸਾਨ ਨਸੀਬ ਸਿੰਘ ਦੀ 20 ਏਕੜ ਜ਼ਮੀਨ ਅਤੇ ਫ਼ਾਜ਼ਿਲਕਾ ਦੇ ਪਿੰਡ ਜੋਧਾ ਭੈਣੀ ਦੇ ਕਿਸਾਨ ਰਛਪਾਲ ਸਿੰਘ ਦੀ 28 ਏਕੜ ਜ਼ਮੀਨ ’ਚ ਤਾਰ ਪਾਰ ਹੈ ਜਿਸ ਵਿੱਚ ਪਾਣੀ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਤਾਂ ਤੋਂ ਲੱਗਦਾ ਹੈ ਕਿ ਅਗਲੀ ਫ਼ਸਲ ਦੀ ਬਿਜਾਂਦ ਨਹੀਂ ਹੋ ਸਕੇਗੀ। ਫ਼ਿਰੋਜ਼ਪੁਰ ਦੇ ਪਿੰਡ ਬਸਤੀ ਰਾਮ ਲਾਲ ਦਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਤਾਰ ਤੋਂ ਪਾਰ ਖੇਤਾਂ ’ਚੋਂ ਗਾਰ ਹਟਾਉਣ ’ਤੇ ਆਮ ਨਾਲੋਂ ਦੁੱਗਣੀ ਲਾਗਤ ਆਵੇਗੀ। ਉਸ ਦਾ ਕਹਿਣਾ ਹੈ ਕਿ ਬੀ ਐੱਸ ਐੱਫ ਵੱਲੋਂ ਦੋ ਗੇਟ ਹੀ ਖੋਲ੍ਹੇ ਜਾਂਦੇ ਹਨ ਜਿਨ੍ਹਾਂ ਜ਼ਰੀਏ ਸਾਰੇ ਖੇਤਾਂ ਦੀ ਗਾਰ ਬਾਹਰ ਕੱਢਣਾ ਏਨਾ ਆਸਾਨ ਨਹੀਂ। ਏਦਾਂ ਦੇ ਹਜ਼ਾਰਾਂ ਕਿਸਾਨ ਹਨ ਜਿਨ੍ਹਾਂ ਕੋਲ ਖੇਤਾਂ ’ਚੋਂ ਗਾਰ ਕੱਢਣ ਦਾ ਕੋਈ ਚਾਰਾ ਨਹੀਂ ਬਚਿਆ। ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੌਰਾ ਨੇ ਅੱਜ ਦਿੱਲੀ ਵਿੱਚ ਬੀ ਐੱਸ ਐੱਫ ਦੇ ਡੀਜੀ ਨਾਲ ਮੀਟਿੰਗ ਕਰਕੇ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਾਇਆ। ਉਨ੍ਹਾਂ ਮੰਗ ਕੀਤੀ ਕਿ ਬੀ ਐੱਸ ਐੱਫ ਦੀ ਹਰ ਚੌਕੀ ਦੇ ਸਾਰੇ ਗੇਟ ਖੋਲ੍ਹੇ ਜਾਣ ਤਾਂ ਜੋ ਕਿਸਾਨ ਆਪਣੇ ਖੇਤਾਂ ’ਚੋਂ ਰੇਤ ਹਟਾ ਕੇ ਅਗਲੀ ਫ਼ਸਲ ਦੀ ਤਿਆਰੀ ਕਰ ਸਕਣ। ਉਨ੍ਹਾਂ ਸਪੈਸ਼ਲ ਸੁਰੱਖਿਆ ਮੁਹੱਈਆ ਕਰਾ ਕੇ ਗਾਰ ਕੱਢਣ ਦੀ ਮੁਹਿੰਮ ਵਿੱਚ ਸਹਿਯੋਗ ਦੀ ਵੀ ਮੰਗ ਕੀਤੀ। ਛੇ ਸਰਹੱਦੀ ਜ਼ਿਲ੍ਹਿਆਂ ਦੀ ਕੌਮਾਂਤਰੀ ਸਰਹੱਦ ਨੇੜੇ ਸਿਰਫ਼ 30 ਕਿਲੋਮੀਟਰ ਦਾ ਖੇਤਰ ਹੀ ਹੜ੍ਹਾਂ ਦੀ ਮਾਰ ਤੋਂ ਬਚਿਆ ਹੈ। ਰਾਵੀ ਨੇ ਅਜਨਾਲਾ ਹਲਕੇ ਦੇ ਕਰੀਬ 40 ਪਿੰਡਾਂ ਦੀ ਤਾਰ ਤੋਂ ਪਾਰ ਜ਼ਮੀਨ ਨੂੰ ਬੁਰਦ ਕੀਤਾ ਹੈ।
ਕਿਸਾਨਾਂ ਨੂੰ ਪ੍ਰਤੀ ਏਕੜ 35 ਹਜ਼ਾਰ ਮੁਆਵਜ਼ਾ ਦੇਵੇ ਕੇਂਦਰ ਸਰਕਾਰ: ਧਾਲੀਵਾਲ
ਅਜਨਾਲਾ ਦੇ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਤਾਰ ਤੋਂ ਪਾਰ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਖੇਤਾਂ ’ਚ ਚੜ੍ਹੀ ਗਾਰ ਦਾ ਜਾਇਜ਼ਾ ਲਿਆ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਾਰ ਤੋਂ ਪਾਰ ਦੇ ਖੇਤਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ 35 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇ। ਧਾਲੀਵਾਲ ਨੇ ਕਿਹਾ ਕਿ ਇਹ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਕੋਲ ਖੇਤਾਂ ਦੀ ਰੇਤ ਨੂੰ ਕੱਢਣ ਦਾ ਕੋਈ ਰਾਹ ਨਹੀਂ ਹੈ ਅਤੇ ਖੇਤ ਸਾਫ਼ ਕਰਨ ਵਿੱਚ ਲੰਮਾ ਸਮਾਂ ਲੱਗੇਗਾ।