ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਕਦੋਂ ਆਉਣਗੇ ਪੰਜਾਬੀ ਦੇ ਵਿਹੜੇ

ਪੰਜਾਬ ਦਿਵਸ ਦੇ 34 ਸਾਲਾਨਾ ਸਮਾਗਮਾਂ ’ਚ ਸਿਰਫ਼ ਪੰਜ ਵਾਰ ਹੀ ਮੁੱਖ ਮੰਤਰੀਆਂ ਨੇ ਕੀਤੀ ਸ਼ਿਰਕਤ
Advertisement

ਜਦੋਂ ਵੀ ‘ਪੰਜਾਬ ਦਿਵਸ’ ਆਉਂਦਾ ਹੈ ਤਾਂ ਮੁੱਖ ਮੰਤਰੀ ਇਸ ਤੋਂ ਪਾਸਾ ਵੱਟ ਲੈਂਦੇ ਹਨ। ਪੰਜਾਬੀ ਭਾਸ਼ਾ ਪ੍ਰੇਮੀ ਇਸ ਗੱਲੋਂ ਔਖੇ ਹਨ ਕਿ ਕਿਸੇ ਵੀ ਮੁੱਖ ਮੰਤਰੀ ਕੋਲ ‘ਪੰਜਾਬ ਦਿਵਸ’ ਸਮਾਗਮਾਂ ਲਈ ਸਮਾਂ ਹੀ ਨਹੀਂ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਭਾਸ਼ਾ ਵਿਭਾਗ ਦੇ ਪਹਿਲੀ ਨਵੰਬਰ ਦੇ ਸਾਲਾਨਾ ਸਮਾਗਮਾਂ ’ਚ ਹਾਲੇ ਤੱਕ ਇੱਕ ਵਾਰ ਵੀ ਸ਼ਾਮਲ ਨਹੀਂ ਹੋਏ। ਹਾਲਾਂਕਿ ਉਹ ਯੂਥ ਫੈਸਟੀਵਲਾਂ ’ਚ ਅਕਸਰ ਜਾਂਦੇ ਹਨ।

ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ ਅਤੇ ਹਰ ਸਾਲ ਭਾਸ਼ਾ ਵਿਭਾਗ ਵੱਲੋਂ ਨਵੰਬਰ ਦਾ ਪੂਰਾ ਮਹੀਨਾ ਸਮਾਗਮ ਕਰਵਾਏ ਜਾਂਦੇ ਹਨ। ਪੰਜਾਬੀ ਸੂਬੇ ਦੀ ਉਮਰ 59 ਸਾਲ ਦੀ ਹੋ ਚੁੱਕੀ ਹੈ ਪਰ 1992 ਤੋਂ ਬਾਅਦ ਹੁਣ ਤੱਕ ਸਿਰਫ਼ 5 ਸਮਾਗਮਾਂ ’ਚ ਹੀ ਸੂਬੇ ਦੇ ਮੁੱਖ ਮੰਤਰੀ ਪੁੱਜੇ। ਪੰਜਾਬ ਦਿਵਸ ’ਤੇ ਭਾਸ਼ਾ ਵਿਭਾਗ 1992 ਤੋਂ ਲੈ ਕੇ ਹੁਣ ਤੱਕ 33 ਸਮਾਗਮ ਕਰ ਚੁੱਕਾ ਹੈ। ਇਨ੍ਹਾਂ ’ਚੋਂ 28 ਵਰ੍ਹੇ ਅਜਿਹੇ ਸਨ, ਜਦੋਂ ਮੁੱਖ ਮੰਤਰੀ ਇਨ੍ਹਾਂ ਸਮਾਗਮਾਂ ’ਚ ਨਹੀਂ ਪੁੱਜੇ।

Advertisement

ਭਾਸ਼ਾ ਵਿਭਾਗ ਵੱਲੋਂ ਹਰ ਸਾਲ ਮੁੱਖ ਮੰਤਰੀ ਨੂੰ ਪੰਜਾਬ ਦਿਵਸ ਦੇ ਸਮਾਗਮ ਦਾ ਸੱਦਾ ਪੱਤਰ ਦਿੱਤਾ ਜਾਂਦਾ ਹੈ ਪਰ ਬਹੁਤੇ ਸਮਾਗਮਾਂ ਵਿੱਚ ਮੁੱਖ ਮੰਤਰੀ ਪੁੱਜੇ ਹੀ ਨਹੀਂ। ਮੁੱਖ ਮੰਤਰੀ ਅਕਸਰ ਖ਼ੁਦ ਦੀ ਥਾਂ ਮੰਤਰੀ ਨੂੰ ਭੇਜ ਦਿੰਦੇ ਹਨ। ਭਾਸ਼ਾ ਵਿਭਾਗ ਦੇ ਵੇਰਵਿਆਂ ਅਨੁਸਾਰ ਸਾਲ 1992 ’ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਭਾਸ਼ਾ ਵਿਭਾਗ ਦੀ ਮੌਜੂਦਾ ਇਮਾਰਤ ਦਾ ਉਦਘਾਟਨ ਕਰਨ ਲਈ ਪਟਿਆਲਾ ਆਏ ਸਨ। ਭਾਸ਼ਾ ਵਿਭਾਗ ਵੱਲੋਂ ਪੰਜਾਬ ਦਿਵਸ ਮੌਕੇ ਪੁਰਸਕਾਰ ਵੰਡੇ ਜਾਂਦੇ ਹਨ। 1999 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਿਵਸ ਦੇ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। 2004 ’ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਸ਼ਾ ਵਿਭਾਗ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਨਾਲ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਵੀ ਆਏ ਸਨ। ਉਸ ਸਾਲ ਸਮਾਗਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਵਾਏ ਗਏ ਸਨ।

ਸਾਲ 2008 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ’ਚ ਪੰਜਾਬ ਦਿਵਸ ਦੇ ਸਮਾਗਮਾਂ ਵਿੱਚ ਹਿੱਸਾ ਲਿਆ ਸੀ ਅਤੇ ਇਸੇ ਤਰ੍ਹਾਂ ਸ੍ਰੀ ਬਾਦਲ ਨੇ 2012 ’ਚ ਪੰਜਾਬ ਭਵਨ ਚੰਡੀਗੜ੍ਹ ਵਿੱਚ ਭਾਸ਼ਾ ਵਿਭਾਗ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਸੀ। 1992 ਤੋਂ ਬਾਅਦ ਅਕਾਲੀ ਦਲ ਦੀ 15 ਸਾਲ ਸਰਕਾਰ ਰਹੀ ਪਰ ਇਨ੍ਹਾਂ ਸਾਲਾਂ ’ਚੋ ਸਿਰਫ਼ 3 ਵਾਰ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪੰਜਾਬੀ ਸੂਬੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਏ।

ਜਾਣਕਾਰੀ ਅਨੁਸਾਰ ਪਿਛਲੇ ਸਾਲ ਭਾਸ਼ਾ ਵਿਭਾਗ ਦਾ ਸਾਲਾਨਾ ਸਮਾਗਮ ਮੁੱਖ ਮੰਤਰੀ ਦੇ ਹੁੰਗਾਰੇ ਦੀ ਉਡੀਕ ’ਚ ਹੀ ਪੱਛੜ ਗਿਆ ਸੀ ਅਤੇ ਪਹਿਲੀ ਨਵੰਬਰ ਦੀ ਥਾਂ 5 ਨਵੰਬਰ ਨੂੰ ਸਮਾਗਮ ਹੋਏ ਸਨ। ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮਾਗਮਾਂ ਲਈ ਹਾਮੀ ਭਰੀ ਸੀ ਪਰ ਬਾਅਦ ’ਚ ਉਨ੍ਹਾਂ ਨੇ ਖ਼ੁਦ ਆਉਣ ਦੀ ਥਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਸਮਾਪਤੀ ਸਮਾਗਮਾਂ ’ਤੇ ਭਾਸ਼ਾ ਮੰਤਰੀ ਬੈਂਸ ਉਸ ਵੇਲੇ ਪੁੱਜੇ, ਜਦੋਂ ਸਮਾਗਮ ਖ਼ਤਮ ਹੋ ਗਏ ਸਨ। ਭਲਕੇ ਪਹਿਲੀ ਨਵੰਬਰ ਨੂੰ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੁੱਜਣ ਦੀ ਸੰਭਾਵਨਾ ਹੈ।

1992 ਤੋਂ ਬਾਅਦ ਦੋ ਵਾਰ ਕਾਂਗਰਸੀ ਮੁੱਖ ਮੰਤਰੀ ਅਤੇ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਭਾਸ਼ਾ ਵਿਭਾਗ ਦੇ ਸਾਲਾਨਾ ਸਮਾਗਮਾਂ ’ਚ ਪੁੱਜੇ ਹਨ। ਮੌਜੂਦਾ ‘ਆਪ’ ਸਰਕਾਰ ਦੇ ਮੁੱਖ ਮੰਤਰੀ ਹਾਲੇ ਕਿਸੇ ਸਾਲਾਨਾ ਸਮਾਗਮਾਂ ’ਚ ਸ਼ਾਮਲ ਨਹੀਂ ਹੋਏ। ਸਾਲ 2005 ’ਚ ਉਪ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਸਾਲਾਨਾ ਸਮਾਗਮਾਂ ’ਚ ਆਏ ਸਨ। 2020 ’ਚ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਾਲ 2021 ’ਚ ਭਾਸ਼ਾ ਮੰਤਰੀ ਪਰਗਟ ਸਿੰਘ ਆਏ ਸਨ। ਅਕਾਲੀ ਸਰਕਾਰ ਵੇਲੇ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ, ਡਾ. ਉਪਿੰਦਰਜੀਤ ਕੌਰ ਅਤੇ ਦੋ ਵਾਰ ਸੁਰਜੀਤ ਸਿੰਘ ਰੱਖੜਾ ਨੇ ਸਾਲਾਨਾ ਸਮਾਗਮਾਂ ’ਚ ਸ਼ਿਕਤ ਕੀਤੀ ਸੀ।

ਮੌਜੂਦਾ ਸਰਕਾਰ ਦੌਰਾਨ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਵਜੋਂ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਕਿ ਅਸਲ ਵਿੱਚ ਸਰਕਾਰਾਂ ਲਈ ਭਾਸ਼ਾ ਵਿਭਾਗ ਦਾ ਪੰਜਾਬ ਦਿਵਸ ਦਾ ਸਾਲਾਨਾ ਸਮਾਗਮ ਤਰਜੀਹੀ ਨਹੀਂ ਰਿਹਾ, ਜਿਸ ਤੋਂ ਸਾਫ਼ ਹੈ ਕਿ ਸਰਕਾਰਾਂ ਦੇ ਏਜੰਡੇ ’ਤੇ ਭਾਸ਼ਾ, ਸਾਹਿਤ ਤੇ ਸਭਿਆਚਾਰ ਨਹੀਂ ਰਿਹਾ।

ਭਾਸ਼ਾ ਪ੍ਰਤੀ ਖੁੱਲ੍ਹਦਿਲੀ ਦਿਖਾਈ ਜਾਵੇ: ਬਾਜਵਾ

ਸਾਬਕਾ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਸ਼ਾ ਵਿਭਾਗ ਦੇ ਸਾਲਾਨਾ ਸਮਾਗਮਾਂ ਲਈ ਦੋ ਵਾਰ ਪੂਰੀ ਵਾਹ ਲਾਈ ਅਤੇ ਭਾਸ਼ਾ ਵਿਭਾਗ ਨੂੰ ਬਜਟ ਦੇਣ ਲਈ ਤਾਂ ਉਨ੍ਹਾਂ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਈ ਵਾਰ ਅਪੀਲ ਕੀਤੀ ਪਰ ਇਨ੍ਹਾਂ ਆਗੂਆਂ ਨੇ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਲਈ ਸਰਕਾਰਾਂ ਨੂੰ ਖੁੱਲ੍ਹਦਿਲੀ ਨਾਲ ਅੱਗੇ ਆਉਣਾ ਚਾਹੀਦਾ ਹੈ।

Advertisement
Tags :
punjab news
Show comments