ਕੌਮੀ ਤਜਰਬਿਆਂ ’ਚ ਕਣਕ ਦੀ ਕਿਸਮ ਪੀ ਬੀ ਡਬਲਿਊ 826 ਸਰਵੋਤਮ ਕਰਾਰ
ਪੀ ਏ ਯੂ ਵੱਲੋਂ ਵਿਕਸਿਤ ਕਣਕ ਦੀ ਕਿਸਮ ਪੀ ਬੀ ਡਬਲਿਊ 826 ਨੇ ਕੌਮੀ ਪੱਧਰ ’ਤੇ ਕਰਵਾਏ ਕਿਸਮਾਂ ਬਾਰੇ ਸਰਬ ਭਾਰਤੀ ਸਾਂਝੇ ਖੋਜ ਤਜਰਬਿਆਂ ਵਿੱਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਤਜਰਬੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਨਵੀਂ ਦਿੱਲੀ ਵੱਲੋਂ ਕਣਕ ਅਤੇ ਜੌਂਆਂ ਦੇ ਸੁਧਾਰ ਲਈ ਚਲਾਏ ਜਾਂਦੇ ਪ੍ਰਾਜੈਕਟ ਅਧੀਨ 2024-25 ਵਿੱਚ ਸੇਂਜੂ ਹਾਲਤਾਂ ਅਧੀਨ ਸਮੇਂ ਸਿਰ ਬਿਜਾਈ ਲਈ ਕੀਤੇ ਗਏ ਸਨ। ਭਾਰਤ ਦੇ ਉੱਤਰ-ਪੱਛਮੀ ਮੈਦਾਨੀ ਅਤੇ ਉੱਤਰ-ਪੂਰਬੀ ਮੈਦਾਨੀ ਖੇਤਰ ’ਚ ਕਰਵਾਏ ਤਜਰਬਿਆਂ ਦੌਰਾਨ ਪੀ ਬੀ ਡਬਲਿਊ 826 ਨੇ ਆਪਣੀ ਵੱਧ ਝਾੜ ਦੇਣ ਦੀ ਸਮਰੱਥਾ ਨੂੰ ਕਾਇਮ ਰੱਖਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਕਿਰਿਆ ਤਹਿਤ ਪੂਰੇ ਭਾਰਤ ਵਿੱਚ ਵੱਖ-ਵੱਖ ਬ੍ਰੀਡਿੰਗ ਪ੍ਰੋਗਰਾਮਾਂ ਜਿਨ੍ਹਾਂ ਵਿੱਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਖੋਜ ਅਦਾਰੇ, ਭਾਰਤ ਦੀਆਂ 29 ਸੂਬਾਈ ਖੇਤੀਬਾੜੀ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਕਣਕ ਦੀਆਂ ਵਧੀਆ ਕਿਸਮਾਂ ਦਾ ਲਗਾਤਾਰ ਤਿੰਨ ਸਾਲ ਨਿਰੀਖਣ ਕਰਨ ਉਪਰੰਤ ਸਭ ਤੋਂ ਵਧੇਰੇ ਝਾੜ, ਕੀੜਿਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਨੂੰ ਸਿਫ਼ਾਰਸ਼ ਕੀਤਾ ਜਾਂਦਾ ਹੈ। ਪੰਜਾਬ ਵਿੱਚ ਸਾਲ 2024-25 ਵਿੱਚ ਪੀ ਬੀ ਡਬਲਯੂ 826 ਤਹਿਤ ਸੂਬੇ ਦਾ 40 ਪ੍ਰਤੀਸ਼ਤ ਰਕਬਾ ਸੀ। ਇਸ ਕਿਸਮ ਵਿੱਚ ਪੀਲੀ ਅਤੇ ਭੂਰੀ ਕੂੰਗੀ ਨਾਲ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਹੈ। ਇਸ ਕਿਸਮ ਦਾ ਬੀਜ 26-27 ਸਤੰਬਰ ਨੂੰ ਪੀ ਏ ਯੂ ਦੇ ਕਿਸਾਨ ਮੇਲੇ ਉੱਤੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੀ ਇਸ ਦਾ ਬੀਜ ਖ਼ਰੀਦਿਆ ਜਾ ਸਕਦਾ ਹੈ। ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਨੇ ਇਸ ਪ੍ਰਾਪਤੀ ’ਤੇ ਸਮੁੱਚੀ ਖੋਜ ਟੀਮ ਨੂੰ ਵਧਾਈ ਦਿੱਤੀ।