ਇਨ੍ਹਾਂ ਭੇਡਾਂ ਦਾ ਕੀ ਕਰੀਏ....!
ਪਸ਼ੂ ਪਾਲਣ ਮਹਿਕਮੇ ਨੂੰ ਅੱਜਕੱਲ੍ਹ ਭੇਡਾਂ ਦੀ ਇੱਕ ਖੇਪ ਨੇ ਪੱਬਾਂ ਭਾਰ ਕੀਤਾ ਹੋਇਆ ਹੈ। ਜੂਨ ਮਹੀਨੇ ਦੇ ਅਖੀਰ ਵਿੱਚ 384 ਭੇਡਾਂ ਦੇ ਭਰੇ ਦੋ ਟਰੱਕ ਜੰਮੂ ਕਸ਼ਮੀਰ ਜਾ ਰਹੇ ਸਨ। ਇਨ੍ਹਾਂ ਟਰੱਕਾਂ ਵਿੱਚ ਤੂੜੀ ਵਾਂਗੂ ਭੇਡਾਂ ਤੁੰਨੀਆਂ ਹੋਈਆਂ ਸਨ। ਲੁਧਿਆਣਾ ਦੀ ‘ਹੈਲਪ ਫ਼ਾਰ ਐਨੀਮਲਜ਼’ ਸੰਸਥਾ ਨੇ ਇਨ੍ਹਾਂ ਟਰੱਕਾਂ ਨੂੰ ਰਾਤ ਦੇ ਹਨੇਰੇ ਵਿੱਚ ਫੜ ਲਿਆ ਕਿਉਂਕਿ ਜਾਨਵਰਾਂ ’ਤੇ ਅੱਤਿਆਚਾਰ ਦਾ ਸਿੱਧਾ ਮਾਮਲਾ ਬਣਦਾ ਸੀ। ਸਾਹਨੇਵਾਲ ਪੁਲੀਸ ਨੇ 29 ਜੂਨ ਨੂੰ ਜੰਮੂ-ਕਸ਼ਮੀਰ ਦੇ ਵਸਨੀਕ ਮਨਜ਼ੂਰ ਮੁਹੰਮਦ ਅਤੇ ਸ਼ੌਕਤ ਅਹਿਮਦ ਠਾਕੁਰ ’ਤੇ ਬੀਐੱਨਐਸ ਦੀ ਧਾਰਾ 325 ਅਤੇ ‘ਪ੍ਰੀਵੈਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲ ਐਕਟ’ ਤਹਿਤ ਕੇਸ ਦਰਜ ਕਰ ਦਿੱਤਾ। ਉੱਧਰ, ਪਸ਼ੂ ਪਾਲਣ ਮਹਿਕਮੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਆਜੜੀ ਦਾ ਪ੍ਰਬੰਧ ਕਰਨ ਵਾਸਤੇ ਕਿਹਾ ਹੈ। ਮਹਿਕਮੇ ਦੇ ਇੱਕ ਸੇਵਾਮੁਕਤ ਦਰਜਾ ਚਾਰ ਮੁਲਾਜ਼ਮ ਨੂੰ ਰੱਖਣ ਦੀ ਸੋਚੀ ਤਾਂ ਉਹ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਮਹਿਕਮਾ ਆਜੜੀ ਲੱਭ ਰਿਹਾ ਹੈ ਤਾਂ ਜੋ ਬਚੀਆਂ ਹੋਈਆਂ ਭੇਡਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ।
‘ਹੈਲਪ ਫ਼ਾਰ ਐਨੀਮਲਜ਼’ ਦੇ ਪ੍ਰਧਾਨ ਮਨੀ ਸਿੰਘ ਨੇ ਇਹ ਖੇਪ ਫੜ ਕੇ ਇੱਕ ਵੱਡਾ ਮਾਮਲਾ ਬੇਪਰਦ ਕਰ ਦਿੱਤਾ। ਜਦੋਂ ਇਨ੍ਹਾਂ ਭੇਡਾਂ ਦੀ ਜਾਂਚ ਲਈ ਨਮੂਨੇ ਲਏ ਗਏ ਤਾਂ ਇਹ ਗੰਭੀਰ ਬਿਮਾਰੀ ਤੋਂ ਪੀੜਤ ਪਾਈਆਂ ਗਈਆਂ ਅਤੇ ਇਸ ਬਿਮਾਰੀ ਕਾਰਨ ਇੱਕ ਮਹੀਨੇ ਵਿੱਚ 200 ਤੋਂ ਜ਼ਿਆਦਾ ਭੇਡਾਂ ਮਰ ਚੁੱਕੀਆਂ ਹਨ। ਸੰਸਥਾ ਦੇ ਪ੍ਰਧਾਨ ਮਨੀ ਸਿੰਘ ਆਖਦੇ ਹਨ ਕਿ ਮਾਲਕਾਂ ਕੋਲ ਇਨ੍ਹਾਂ ਭੇਡਾਂ ਦੀ ਸਿਹਤ ਸਬੰਧੀ ਕੋਈ ਪ੍ਰਮਾਣ ਪੱਤਰ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਖੇਪ ਜੰਮੂ ਕਸ਼ਮੀਰ ਪੁੱਜ ਜਾਂਦੀ ਤਾਂ ਇਨ੍ਹਾਂ ਬਿਮਾਰ ਭੇਡਾਂ ਨੇ ਮਨੁੱਖੀ ਸਿਹਤ ਦਾ ਨੁਕਸਾਨ ਕਰਨਾ ਸੀ। ਇਹ ਭੇਡਾਂ ਦਿੱਲੀ ਤੋਂ ਜੰਮੂ ਕਸ਼ਮੀਰ ਜਾ ਰਹੀਆਂ ਸਨ।
ਪ੍ਰਧਾਨ ਮਨੀ ਸਿੰਘ ਆਖਦੇ ਹਨ ਕਿ ਇੱਕ ਟਰੱਕ ਵਿੱਚ ਵੱਧ ਤੋਂ ਵੱਧ 40 ਭੇਡਾਂ ਲੱਦੀਆਂ ਜਾ ਸਕਦੀਆਂ ਹਨ ਪ੍ਰੰਤੂ ਇਨ੍ਹਾਂ ਟਰੱਕਾਂ ’ਚ ਜਾਨਵਰਾਂ ’ਤੇ ਸਿੱਧਾ ਅੱਤਿਆਚਾਰ ਹੋ ਰਿਹਾ ਸੀ। ਮਨੀ ਸਿੰਘ ਨੇ ਡਿਊਟੀ ਨਿਭਾਅ ਦਿੱਤੀ ਅਤੇ ਪੁਲੀਸ ਨੇ ਕੇਸ ਦਰਜ ਕਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ। ਹੁਣ ਨਵੀਂ ਮੁਸੀਬਤ ਪਸ਼ੂ ਪਾਲਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਸਿਰ ਪੈ ਗਈ ਹੈ। ਅਦਾਲਤ ਨੇ ਇਨ੍ਹਾਂ ਭੇਡਾਂ ਨੂੰ ਮਨੀ ਸਿੰਘ ਦੇ ਸਪੁਰਦ ਕਰ ਦਿੱਤਾ ਸੀ। ਫਿਰ ਨਵੀਂ ਬਿਪਤਾ ਬਣੀ 384 ਭੇਡਾਂ ਨੂੰ ਸਾਂਭਣ ਦੀ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਫ਼ੌਰੀ ਐੱਸਡੀਐੱਮ ਸਮਰਾਲਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ। ਪਹਿਲਾਂ ਇਸ ਕਮੇਟੀ ਨੇ ਇਨ੍ਹਾਂ ਭੇਡਾਂ ਨੂੰ ਸਮਰਾਲਾ ਨੇੜਲੀ ਇੱਕ ਸਰਕਾਰੀ ਗਊਸ਼ਾਲਾ ਵਿੱਚ ਛੱਡਿਆ। ਜਦੋਂ ਭੇਡਾਂ ਮਰਨ ਲੱਗੀਆਂ ਤਾਂ ਪਸ਼ੂ ਪਾਲਣ ਮਹਿਕਮੇ ਨੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਬਣਾਈ। ਮਹੀਨੇ ਤੋਂ ਡਾਕਟਰ ਰੋਜ਼ਾਨਾ ਗਊਸ਼ਾਲਾ ਵਿੱਚ ਜਾ ਰਹੇ ਹਨ ਜੋ ਕਿ ਮਰੀਆਂ ਭੇਡਾਂ ਦਾ ਪੋਸਟ ਮਾਰਟਮ ਕਰਦੇ ਹਨ। ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟ ਕੇ ਭੇਡਾਂ ਨੂੰ ਦੱਬਿਆ ਜਾ ਰਿਹਾ ਹੈ।
ਘਾਟ ਦੇ ਬਾਵਜੂਦ ਤਿੰਨ ਡਾਕਟਰ ਭੇਡਾਂ ਲਈ ਤਾਇਨਾਤ
ਪਸ਼ੂ ਪਾਲਣ ਮਹਿਕਮੇ ਦੀ ਇਸ ਵੇਲੇ ਆਮ ਟੀਕਾਕਰਨ ਮੁਹਿੰਮ ਵੀ ਚੱਲ ਰਹੀ ਹੈ ਅਤੇ ਮਹਿਕਮੇ ਕੋਲ ਡਾਕਟਰਾਂ ਦੀ ਵੀ ਕਮੀ ਹੈ। ਅਧਿਕਾਰੀ ਆਖਦੇ ਹਨ ਕਿ ਤਿੰਨ ਡਾਕਟਰ ਤਾਂ ਪੱਕੇ ਤੌਰ ’ਤੇ ਬਦਲ-ਬਦਲ ਕੇ ਇਨ੍ਹਾਂ ਭੇਡਾਂ ’ਤੇ ਤਾਇਨਾਤ ਕਰਨੇ ਪਏ ਹਨ। ਪਹਿਲਾਂ ਭੇਡਾਂ ਦੀ ਜਾਂਚ ਲਈ ਜਲੰਧਰ ਤੋਂ ਟੀਮ ਸੱਦੀ ਗਈ ਅਤੇ ਸਾਰੀਆਂ ਭੇਡਾਂ ਦੇ ਨਮੂਨੇ ਲਏ ਗਏ। ਗੰਭੀਰ ਬਿਮਾਰੀ (ਸੀਸੀਪੀਪੀ) ਤੋਂ ਪੀੜਤ ਹੋਣ ਕਰ ਕੇ ਹੁਣ ਵੀ ਰੋਜ਼ਾਨਾ ਦੋ-ਦੋ, ਤਿੰਨ- ਤਿੰਨ ਭੇਡਾਂ ਮਰ ਰਹੀਆਂ ਹਨ। ਮਹੀਨੇ ਤੋਂ ਡਾਕਟਰ ਇਨ੍ਹਾਂ ਭੇਡਾਂ ਵਿੱਚ ਉਲਝੇ ਹੋਏ ਹਨ। ਉੱਧਰ, ਸਰਕਾਰੀ ਗਊਸ਼ਾਲਾ ਵਿੱਚ ਬਿਮਾਰ ਭੇਡਾਂ ਨੂੰ ਰੱਖਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਮਰੀਆਂ ਭੇਡਾਂ ਨੂੰ ਦੱਬਣ ਲਈ ਰੋਜ਼ਾਨਾ ਜੇਸੀਬੀ ਦਾ ਪ੍ਰਬੰਧ ਕਰਨਾ ਪੈਂਦਾ ਹੈ ਜੋ ਕਿ ਪ੍ਰਧਾਨ ਮਨੀ ਸਿੰਘ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਲਈ ਮੁਸੀਬਤ ਹੈ ਕਿ ਬਚੀਆਂ ਹੋਈਆਂ ਭੇਡਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ।