ਪਟਨਾ ਸਾਹਿਬ ਤੋਂ ਮਾਲੇਰਕੋਟਲਾ ਪੁੱਜੀ ਜਾਗ੍ਰਿਤੀ ਯਾਤਰਾ ਦਾ ਸਵਾਗਤ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ‘ਜਾਗ੍ਰਿਤੀ ਯਾਤਰਾ’ ਦਾ ਮਾਲੇਰਕੋਟਲਾ ਪਹੁੰਚਣ ’ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ 17 ਸਤੰਬਰ ਨੂੰ ਸ਼ੁਰੂ ਕੀਤੀ ਇਹ ਯਾਤਰਾ ਅੱਠ ਸੂਬਿਆਂ ਵਿੱਚੋਂ ਹੁੰਦੀ ਹੋਈ 37ਵੇਂ ਦਿਨ ਮਾਲੇਰਕੋਟਲਾ ਪਹੁੰਚੀ ਹੈ।
ਇਹ ਯਾਤਰਾ 27 ਅਕਤੂਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਸੰਪੂਰਨ ਹੋਵੇਗੀ। ਮਿੱਥੇ ਸਮੇਂ ਤੋਂ ਕਈ ਘੰਟੇ ਪੱਛੜ ਕੇ ਦੇਰ ਰਾਤ ਮਾਲੇਰਕੋਟਲਾ ਪਹੁੰਚੀ ਜਾਗ੍ਰਿਤੀ ਯਾਤਰਾ ਦਾ ਗੁਰਦੁਆਰਾ ਹਾਅ ਦਾ ਨਾਅਰਾ, ਗਰੇਵਾਲ ਚੌਕ ਅਤੇ ਜਰਗ ਚੌਕ ਵਿਚ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜਰਗ ਚੌਕ ਵਿੱਚ ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਸਾਹਿਬਜ਼ਾਦਾ ਫ਼ਤਹਿ ਸਿੰਘ ਟਰੱਸਟ ਦੇ ਵਾਈਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਸਰਪੰਚ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਨੰਬਰਦਾਰ ਜਤਿੰਦਰ ਸਿੰਘ ਮਹੋਲੀ ਅਤੇ ਗਿਆਨੀ ਅਵਤਾਰ ਸਿੰਘ ਬਧੇਸ਼ਾ ਸਮੇਤ ਗੁਰਦੁਆਰਾ ਸੰਗਤਸਰ ਦੇ ਪ੍ਰਬੰਧਕ ਤੇ ਸੇਵਾਦਾਰ ਸ਼ਾਮਲ ਸਨ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਪੰਜ ਪਿਆਰਿਆਂ, ਕੀਰਤਨੀ ਜਥਿਆਂ ਸਮੇਤ ਪੰਜਾਬ ਵਿੱਚ ਨਗਰ ਕੀਰਤਨ ਦੇ ਕੋਆਰਡੀਨੇਟਰ ਭਾਈ ਮਲਵਿੰਦਰ ਸਿੰਘ ਬੈਨੀਪਾਲ, ਰਣਜੀਤ ਸਿੰਘ ਰਾਣਾ, ਭਵਨ ਸਿੰਘ ਖੋਜੀ, ਬਾਬਾ ਅਮਰ ਸਿੰਘ ਅਤੇ ਹਰਦੀਪ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ‘ਹਾਅ ਦਾ ਨਾਅਰਾ’ ਪਹੁੰਚੇ ਨਗਰ ਕੀਰਤਨ ਦਾ ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ, ਗਿਆਨੀ ਨਰਿੰਦਰਪਾਲ ਸਿੰਘ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ ਅਤੇ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ ਨੇ ਸਵਾਗਤ ਕੀਤਾ।
ਜਾਗ੍ਰਿਤੀ ਯਾਤਰਾ ਲੁਧਿਆਣਾ ਲਈ ਰਵਾਨਾ
ਪਾਇਲਾ: ਗੁਰੂ ਤੇਗ਼ ਬਹਾਦਰ ਅਤੇ ਭਾਈ ਮਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਪਟਨਾ ਸਾਹਿਬ ਤੋਂ ਆਰੰਭ ਹੋਈ ਜਾਗ੍ਰਿਤੀ ਯਾਤਰਾ ਅੱਜ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ ਲੁਧਿਆਣੇ ਲਈ ਰਵਾਨਾ ਹੋਈ। ਯਾਤਰਾ ਦੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਹੁੰਚਣ ’ਤੇ ਮੈਨੇਜਰ ਜੋਗਾ ਸਿੰਘ ਅਤੇ ਸਥਾਨਕ ਸੰਗਤ ਵੱਲੋਂ ਯਾਤਰਾ ਨਾਲ ਆਏ ਸੇਵਾਦਾਰਾਂ, ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਅਤੇ ਪ੍ਰਬੰਧਕੀ ਟੀਮ ਦੇ ਠਹਿਰਨ ਅਤੇ ਲੰਗਰ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਤਖ਼ਤ ਪਟਨਾ ਸਾਹਿਬ ਤੋਂ ਆਏ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ, ਗਿਆਨੀ ਪਰਮਜੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਕਥਾਵਾਚਕ ਗੁਰਪ੍ਰੀਤ ਸਿੰਘ, ਭਾਈ ਰਜਿੰਦਰ ਸਿੰਘ ਹਜ਼ੂਰੀ ਰਾਗੀ, ਰਾਜਿੰਦਰ ਸਿੰਘ ਕੋਟ ਪਨੈਚ, ਜਥੇਦਾਰ ਸਿੰਘ ਘੁਡਾਣੀ, ਮਲਕੀਤ ਸਿੰਘ, ਬੇਅੰਤ ਸਿੰਘ ਘੁਡਾਣੀ, ਦਰਸ਼ਨ ਸਿੰਘ ਲੋਪੋਂ, ਦਰਸ਼ਨ ਸਿੰਘ ਭੀਖੀ, ਗੁਰਸੇਵਕ ਸਿੰਘ ਭੀਖੀ ਤੇ ਹੋਰ ਹਾਜ਼ਰ ਸਨ।
