ਪੰਜਾਬ ਵਿੱਚ ਮੌਸਮ ਸਾਫ਼ ਹੋਇਆ
ਪਿਛਲੇ ਡੇਢ ਮਹੀਨੇ ਤੋਂ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਸੂਬੇ ਵਿੱਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਹੜ੍ਹਾਂ ਦਾ ਪਾਣੀ ਵੀ ਤੇਜ਼ੀ ਨਾਲ ਘਟ ਰਿਹਾ ਹੈ ਪਰ ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਅਤੇ ਗਾਰ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਪੰਜਾਬ ਵਿੱਚ ਮੌਸਮ ਸਾਫ਼ ਹੋਣ ਕਰ ਕੇ ਸੂਬੇ ਦੇ ਕਿਸਾਨਾਂ ਸਣੇ ਹਰ ਵਰਗ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਜਿਨ੍ਹਾਂ ਦਾ ਜਨ-ਜੀਵਨ ਮੁੜ ਲੀਹ ’ਤੇ ਆਉਣ ਲੱਗ ਪਿਆ ਹੈ। ਖਰਾਬ ਮੌਸਮ ਕਾਰਨ ਝੋਨੇ ਦੀ ਫ਼ਸਲ ਦੀ ਵਾਢੀ ਵਿੱਚ ਵੀ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਸਾਫ਼ ਮੌਸਮ ਵਿੱਚ ਕਿਸਾਨ ਫ਼ਸਲਾਂ ਦੀ ਵਾਢੀ ਆਸਾਨੀ ਨਾਲ ਕਰ ਸਕਣਗੇ। 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਮੌਸਮ ਸਾਫ਼ ਹੋਣ ਕਰ ਕੇ ਮੰਡੀਆਂ ਵਿੱਚ ਆਉਣ ਵਾਲੀ ਫ਼ਸਲ ਵਿੱਚ ਵੀ ਨਮੀ ਦੀ ਮਾਤਰਾ ਘੱਟ ਪਾਈ ਜਾਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਗਲਾ ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਤਿੱਖੀ ਧੁੱਪ ਨਿਕਲੇਗੀ ਅਤੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾਵੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਅੱਜ ਦਾ ਤਾਪਮਾਨ ਵੀ 34 ਤੋਂ 36 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਹੈ। ਮਾਨਸਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।