ਤਰਨ ਤਾਰਨ ਜ਼ਿਮਨੀ ਚੋਣ ਜਿੱਤਾਂਗੇ: ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਆਸੀ ਤੌਰ ’ਤੇ ਮੁੜ ਸਰਗਰਮ ਹੋ ਗਏ ਹਨ। ਉਨ੍ਹਾਂ ਅੱਜ ਮੋਗਾ ਤੇ ਫ਼ਰੀਦਕੋਟ ’ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ। ਕੈਪਟਨ ਨੇ ਫਰੀਦਕੋਟ ’ਚ ਆਖਿਆ ਕਿ ਉਨ੍ਹਾਂ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਹੀ ਭਾਜਪਾ ਦੇ ਹੱਕ ’ਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਤਰਨ ਤਾਰਨ ਜ਼ਿਮਨੀ ਚੋਣ ਭਾਜਪਾ ਜਿੱਤੇਗੀ ਕਿਉਂਕਿ ‘ਆਪ’ ਕੋਲ ਪੰਜਾਬ ਦੀ ਖੁਸ਼ਹਾਲੀ ਲਈ ਕੋਈ ਮੁੱਦਾ ਨਹੀਂ ਹੈ। ਇਥੇ ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਭਾਜਪਾ ਅਕਾਲੀ ਦਲ ਨਾਲ ਕਦੇ ਗੱਠਜੋੜ ਨਹੀਂ ਕਰੇਗੀ।
ਮੋਗਾ ਦੇ ਭਾਜਪਾ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਨੇ ਕਿਹਾ ਕਿ ਉਹ ਕਈ ਸਾਲ ਬਿਮਾਰ ਸਨ ਪਰ ਹੁਣ ਚੜ੍ਹਦੀਕਲਾ ਵਿੱਚ ਹਨ। ਉਹ ਜਦੋਂ ਤਲਵੰਡੀ ਸਾਬੋ ਗਏ ਸਨ ਤਾਂ ਉਨ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਗੁਟਕਾ ਸਾਹਿਬ ਹੱਥ ’ਚ ਫੜ ਕੇ ਅਹਿਦ ਲਿਆ ਸੀ ਕਿ ਉਹ ਸੂਬੇ ’ਚੋਂ ਨਸ਼ੇ ਦੇ ਖ਼ਾਤਮੇ ਲਈ ਪੂਰੀ ਵਾਹ ਲਾਉਣਗੇ ਤੇ ਉਨ੍ਹਾਂ ਕੁਝ ਹੱਦ ਤੱਕ ਸੂਬੇ ’ਚ ਨਸ਼ਿਆਂ ਨੂੰ ਠੱਲ੍ਹ ਵੀ ਪਾਈ ਪਰ ਸਿਆਸੀ ਧਿਰਾਂ ਇਸ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦੀਆਂ ਹਨ। ਉਨ੍ਹਾਂ ਦੀ ਸਰਕਾਰ ਨੇ ਤਸਕਰਾਂ ਨੂੰ ਫੜ ਕੇ ਜੇਲ੍ਹਾਂ ’ਚ ਡੱਕਿਆ, ਜਿਸ ਕਾਰਨ ਜੇਲ੍ਹਾਂ ’ਚ ਥਾਂ ਨਾ ਹੋਣ ਕਾਰਨ ਛੋਟੇ ਅਪਰਾਧਿਆਂ ਨੂੰ ਛੱਡਣਾ ਪਿਆ ਸੀ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਮਜੀਠੀਆ ਉਨ੍ਹਾਂ ਰਿਸ਼ਤੇਦਾਰ ਨਹੀਂ ਤੇ ਉਨ੍ਹਾਂ ਮਹਿਜ਼ ਉਸ ਦੇ ਹੱਕ ਵਿੱਚ ਪੋਸਟ ਸਾਂਝੀ ਕਰ ਕੇ ਸੂਬਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸੁਆਲ ਚੁੱਕੇ ਸਨ ਕਿਉਂਕਿ ਜਦੋਂ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਹਾਈ ਕੋਰਟ ਵਿੱਚ ਦਿੱਤੀ ਜਾ ਚੁੱਕੀ ਸੀ ਤਾਂ ਸਰਕਾਰ ਦੀ ਕਾਰਵਾਈ ਗੈ਼ਰਕਾਨੂੰਨੀ ਸੀ। ਉਨ੍ਹਾਂ ਪੰਜਾਬ ’ਚ ਭਾਜਪਾ ਦੇ ਸਿਆਸੀ ਗੱਠਜੋੜ ਸਬੰਧੀ ਕਿਹਾ ਕਿ ਇਹ ਫ਼ੈਸਲਾ ਪਾਰਟੀ ਕਮਾਂਡ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਦੇ ਆਖੇ ਲੱਗ ਕੇ ਪੰਜਾਬ ਦੇ ਲੋਕਾਂ ਦਾ ਭਰੋਸਾ ਤੋੜਿਆ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ, ਭਰਤ ਇੰਦਰ ਸਿੰਘ ਚਾਹਲ, ਸੂਬਾ ਸਕੱਤਰ ਅਨਿਲ ਸਰੀਨ ਤੇ ਹੋਰ ਆਗੂ ਮੌਜੂਦ ਸਨ।
ਕੈਪਟਨ ਦਾ ਸਾਬਕਾ ਓ ਐੱਸ ਡੀ ਭਾਜਪਾ ਵਿੱਚ ਸ਼ਾਮਲ
ਫ਼ਰੀਦਕੋਟ: ਕੈਪਟਨ ਅਮਰਿੰਦਰ ਦੀ ਫ਼ਰੀਦਕੋਟ ਫੇਰੀ ਦੌਰਾਨ ਅਕਾਲੀ ਆਗੂ ਸੰਦੀਪ ਸਿੰਘ ਸੰਨੀ ਬਰਾੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਸੰਨੀ ਬਰਾੜ, ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਦੇ ਓ ਐੱਸ ਡੀ ਸਨ ਅਤੇ ਜਦੋਂ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਨੂੰ ਗੱਦੀ ਤੋਂ ਲਾਹਿਆ ਤਾਂ ਸੰਨੀ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਕੈਪਟਨ ਨੇ ਕਿਹਾ ਕਿ ਭਾਜਪਾ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ, ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ, ਉੱਥੇ ਨਸ਼ੇ ਤੇ ਬੇਰੁਜ਼ਗਾਰੀ ਤੇਜ਼ੀ ਨਾਲ ਘਟ ਰਹੀ ਹੈ।
 
 
             
            