ਆਨੰਦਪੁਰ ਸਾਹਿਬ ਦੀ ਕਾਇਆ ਕਲਪ ਕਰਾਂਗੇ: ਸੌਂਦ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਨੂੰ ਨੋਡਲ ਵਿਭਾਗ ਵੱਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਕਾਇਆ ਕਲਪ ਲਈ ਵੱਡੇ ਕਾਰਜ ਆਰੰਭ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਬੀਤੇ ਦਿਨੀਂ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਪੰਜ ਗੈਲਰੀਆਂ ਬਣਾਈਆਂ ਗਈਆਂ ਹਨ। ਯਾਦਗਾਰ ਦਾ ਕੁੱਲ ਖੇਤਰ ਪੰਜ ਏਕੜ ਹੈ। ਯਾਦਗਾਰ ਦਾ ਡਿਜ਼ਾਈਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿੰਗ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਦੋ ਭਾਗਾਂ ਵਿੱਚ ਮੁਕੰਮਲ ਕੀਤਾ ਗਿਆ ਹੈ। ਪਹਿਲੇ ਭਾਗ ’ਤੇ 17 ਕਰੋੜ ਰੁਪਏ ਦੀ ਲਾਗਤ ਆਈ ਸੀ ਜਦਕਿ ਦੂਜੇ ਭਾਗ ’ਤੇ 3 ਕਰੋੜ ਰੁਪਏ ਦਾ ਖ਼ਰਚ ਹੋਏ ਹਨ।ਇਸ ਤੋਂ ਇਲਾਵਾ ਵਿਰਾਸਤੀ ਮਾਰਗ ਦੀ ਉਸਾਰੀ ਉੱਤੇ 18 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਮਾਰਗ ਨੂੰ 10 ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ।